ਬਜਰੀ ਨਾਲ ਭਰਿਆ ਟਿੱਪਰ ਸੜ ਕੇ ਸੁਆਹ, ਚਾਲਕ ਸਮੇਤ 3 ਜ਼ਖ਼ਮੀ ਬਜਰੀ ਨਾਲ ਭਰਿਆ ਟਿੱਪਰ ਸੜ ਕੇ ਸੁਆਹ ਟਿੱਪਰ ਚਾਲਕ ਸਮੇਤ ਤਿੰਨ ਜਣੇ ਜ਼ਖ਼ਮੀ
Publish Date: Tue, 27 Oct 2026 03:59 PM (IST)
Updated Date: Tue, 27 Oct 2026 04:01 PM (IST)
ਬਾਟਮ: ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ-ਰੂਪਨਗਰ ਸੜਕ ’ਤੇ ਪੈਂਦੇ ਪਿੰਡ ਝਮਲੂਟੀ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਬਜਰੀ ਨਾਲ ਭਰਿਆ ਇੱਕ ਟਿੱਪਰ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਦੋਂ ਕਿ ਇੱਕ ਹੋਰ ਟਰੱਕ ਤੇ ਟਰੈਕਟਰ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਹਾਦਸੇ ’ਚ ਟਿੱਪਰ ਚਾਲਕ ਤੇ ਉਸ ਦਾ ਸਾਥੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਟਿੱਪਰ (ਨੰਬਰ ਪੀਬੀ 10 ਈਐਚ 8995) ਰੂਪਨਗਰ ਤੋਂ ਬਜਰੀ ਲੈ ਕੇ ਲੁਧਿਆਣੇ ਵੱਲ ਆ ਰਿਹਾ ਸੀ, ਜਿਸ ਦੀ ਚਮਕੌਰ ਸਾਹਿਬ ਵੱਲੋਂ ਜਾ ਰਹੇ ਇੱਕ ਖਾਲੀ ਟਿੱਪਰ ਨੰਬਰ ਪੀਬੀ 10 ਐੱਚਪੀ 4242 ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਟਿੱਪਰ ਨੂੰ ਮੌਕੇ ’ਤੇ ਹੀ ਅੱਗ ਲੱਗ ਗਈ। ਇਸੇ ਦੌਰਾਨ ਪਿੰਡ ਸਮੀਰੋਵਾਲ ਦਾ ਇੱਕ ਟਰੈਕਟਰ ਚਾਲਕ ਵੀ ਇਸ ਦੀ ਲਪੇਟ ’ਚ ਆ ਗਿਆ ਅਤੇ ਬੁਰੀ ਤਰ੍ਹਾਂ ਫੱਟੜ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਅਤੇ ਸੜਕ ਸੁਰੱਖਿਆ ਦਸਤੇ ਦੇ ਨੌਜਵਾਨਾਂ ਨੇ ਬਹਾਦਰੀ ਦਿਖਾਉਂਦਿਆਂ ਅੱਗ ਦੀ ਲਪੇਟ ’ਚ ਆਏ ਟਿੱਪਰ ਚਾਲਕ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਨੂੰ ਬਾਹਰ ਕੱਢਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਇੰਸਪੈਕਟਰ ਸ਼ਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਨੇ ਰਾਹਗੀਰਾਂ ਦੇ ਸਹਿਯੋਗ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਰੂਪਨਗਰ ਪਹੁੰਚਾਇਆ। ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਹਾਲਤ ਨੂੰ ਗੰਭੀਰ ਦੇਖਦਿਆਂ ਟਿੱਪਰ ਚਾਲਕ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ ਗਿਆ। ਟਰੱਕ ਤੇ ਟਰੈਕਟਰ ਚਾਲਕ ਵੀ ਇਸ ਹਾਦਸੇ ’ਚ ਜ਼ਖਮੀ ਹੋਏ ਹਨ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀਆਂ ਦੇ ਬਿਆਨ ਦਰਜ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੇ ਰੋਹ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਸੜਕ ‘ਤੇ ਲੰਮੇ ਸਮੇਂ ਤੋਂ ਵੱਡੇ ਅਤੇ ਡੂੰਘੇ ਟੋਏ ਪਏ ਹੋਏ ਹਨ, ਜਿਸ ਕਾਰਨ ਇੱਥੇ ਰੋਜ਼ਾਨਾ ਹਾਦਸੇ ਵਾਪਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਹਲਕੇ ਦੇ ਪ੍ਰਸ਼ਾਸਨਿਕ ਅਤੇ ਵਿਭਾਗੀ ਅਧਿਕਾਰੀ ਇਸ ਸੜਕ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦੇ ਰਹੇ।