ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਸਰਬ ਪ੍ਰਮਾਣਿਤ ਉਮੀਦਵਾਰ ਨੂੰ ਦਿੱਤੀ ਜਾਵੇ ਟਿਕਟ: ਬਾਠ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਸਰਬ ਪ੍ਰਮਾਣਿਤ ਉਮੀਦਵਾਰ ਨੂੰ ਦਿੱਤੀ ਜਾਵੇ ਟਿਕਟ: ਬਾਠ
Publish Date: Tue, 27 Oct 2026 05:04 PM (IST)
Updated Date: Tue, 27 Oct 2026 05:07 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਕਾਰਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂਆਂ ਦੀਆਂ ਸਰਗਰਮੀਆਂ ਅਤੇ ਆਪਸੀ ਸਿਆਸੀ ਸਮੀਕਰਨ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਲੈਣ ਲਈ ਅੱਧਾ ਦਰਜਣ ਤੋਂ ਵਧ ਆਗੂ ਪੱਬਾ ਭਾਰ ਹਨ। ਟਿਕਟ ਦੀ ਦੌੜ ’ਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਸਭ ਤੋਂ ਨਜ਼ਰ ਆ ਰਹੇ ਹਨ। ਇਸੇ ਕੜੀ ਤਹਿਤ ਭਾਜਪਾ ਦੇ ਸੋਸ਼ਲ ਮੀਡੀਆਂ ਗੁਰੁੱਪ ’ਚ ਕਿਸੇ ਏਜੰਸੀ ਵਲੋਂ ਕੀਤੇ ਗਏ ਕਥਿਤ ਸਰਵੇ ਦੀ ਰਿਪੋਰਟ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ,ਜਿਸ ਵਿਚ ਸੁਭਾਸ਼ ਸ਼ਰਮਾ ਨੂੰ 90 ਫੀਸਦੀ ਲੋਕਾਂ ਦੀ ਪਸੰਦ ਦੱਸਿਆਂ ਗਿਆ ਹੈ। ਦੂਜੇ ਪਾਸੇ ਬੀਤੇ ਦਿਨੀ ਸੇਵਾਮੁਕਤ ਆਈਜੀ ਦਲਜੀਤ ਸਿੰਘ ਰਾਣਾ ਵੱਲੋਂ ਇਕੱਠ ਕਰਕੇ ਆਪਣੀ ਸਿਆਸੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ’ਚ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਪੰਜਾਬ ਜੈਨਕੋ ਲਿਮਟਿਡ ਦੇ ਸਾਬਕਾ ਵਾਈਸ ਚੇਅਰਮੈਨ ਕੁਲਵੰਤ ਸਿੰਘ ਬਾਠ ਨੇ ਮੰਗ ਕੀਤੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਉਸ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਜੋ ਕਿ ਸਰਬ ਪ੍ਰਮਾਣਿਤ ਹੋਵੇ ਤੇ ਉਸ ਦੀ ਸ਼ਹਿਰੀ ਵੋਟ ਦੇ ਨਾਲ-ਨਾਲ ਪਿੰਡਾਂ ’ਚ ਸਿੱਖ ਵੋਟ ਨੂੰ ਆਪਣੇ ਨਾਲ ਜੋੜਨ ਦਾ ਦਮ ਰੱਖਦਾ ਹੋਵੇ। ਉਨਾਂ ਕਿਹਾ ਜੇਕਰ ਕਿਸੇ ਕਾਰਣ ਅਕਾਲੀ - ਭਾਜਪਾ ਗਠਜੋੜ ਨਹੀ ਹੁੰਦਾ ਤਾਂ ਹਲਕੇ ’ਚ ਸਿੱਖ ਵੋਟ ਜਿਤ ਹਾਰ ਲਈ ਫੈਸਲਾਕੁੰਨ ਰੋਲ ਅਦਾ ਕਰ ਸਕਦੀ ਹੈ। ਉਨ੍ਹਾਂ ਸਥਾਨਕ ਉਮੀਦਵਾਰ ਦੀ ਵਕਾਲਤ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਲੋੜਾਂ ਨੂੰ ਸਮਝਣ ਵਾਲੇ ਸਥਾਨਕ ਆਗੂ ਨੂੰ ਹੀ ਅੱਗੇ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ ’ਚ ਬਾਹਰਲੇ ਉਮੀਦਵਾਰ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਸਥਾਨਕ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ’ਚ ਭੇਜਣ ਲਈ ਯਤਨ ਕਰਨਗੇ। ਆਉਣ ਵਾਲੇ ਦਿਨਾਂ ’ਚ ਸ੍ਰੀ ਅਨੰਦਪੁਰ ਸਾਹਿਬ ਦੀ ਸਿਆਸਤ ’ਚ ਨਵੇਂ ਸਮੀਕਰਨ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।