ਪਿੰਡ ਸਾਲਾਪੁਰ ਤੇ ਕੰਧੋਲਾ ਟੱਪਰੀਆਂ 'ਚ ਤਿੰਨ ਨਕਾਬਪੋਸ਼ ਚੋਰ ਪੰਜ ਮੱਝਾਂ ਚੋਰੀ ਕਰਕੇ ਫ਼ਰਾਰ ਪਿੰਡ ਸਾਲਾਪੁਰ ਤੇ ਕੰਧੋਲਾ ਟੱਪਰੀਆਂ 'ਚ ਤਿੰਨ ਨਕਾਬਪੋਸ਼ ਚੋਰ ਪੰਜ ਮੱਝਾਂ ਚੋਰੀ ਕਰਕੇ ਫਰਾਰ
Publish Date: Sun, 20 Sep 2026 07:09 PM (IST)
Updated Date: Sun, 20 Sep 2026 07:11 PM (IST)
ਟਾਟਾ ਗੱਡੀ ’ਚ ਆਏ ਚੋਰ, ਸੀਸੀਟੀਵੀ ’ਚ ਕੈਦ ਹੋਈ ਪੂਰੀ ਵਾਰਦਾਤ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਜ਼ਿਲ੍ਹੇ ਵਿਚ ਕਾਫੀ ਸਮੇਂ ਤੋਂ ਮੱਝਾਂ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਤੇ ਚੋਰ ਗਿਰੋਹ ਸਰਗਰਮ ਹੈ। ਪਿੰਡ ਸਾਲਾਪੁਰ ਤੋਂ ਤਿੰਨ ਮੱਝਾਂ ਤੇ ਪਿੰਡ ਕੰਧੋਲਾ ਟੱਪਰੀਆਂ ਤੋਂ ਵੀ ਤਿੰਨ ਨਕਾਬਪੋਸ਼ ਚੋਰ ਇਕ ਟਾਟਾ ਗੱਡੀ ਵਿਚ ਦੋ ਗਰਭਵਤੀ ਮੱਝਾਂ ਚੋਰੀ ਕਰਕੇ ਫ਼ਰਾਰ ਹੋ ਗਏ ਜਿਸ ਨਾਲ ਪਸ਼ੂ ਮਾਲਕਾ ਦੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਚੋਰੀ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਜਾਣਕਾਰੀ ਅਨਸਾਰ ਪਿੰਡ ਸਾਲਾਪੁਰ ਦੇ ਵਾਸੀ ਜਸਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰ ਇਕ ਟੈਪੂ ’ਤੇ ਆਏ ਤੇ ਪਹਿਲਾਂ ਉਨ੍ਹਾਂ ਨੇ ਕੈਮਰਿਆਂ ਦੀ ਤਾਰ ਕੱਟ ਦਿੱਤੀ, ਫਿਰ ਤਿੰਨ ਮੱਝਾਂ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਮੱਝਾਂ ਵਾਲੇ ਵਾੜੇ ਵਿਚ ਆ ਕੇ ਵੇਖਿਆ ਤਾਂ ਇੱਕਲਾ ਬਲਦ ਖੜ੍ਹਾ ਸੀ ਤੇ ਮੱਝਾਂ ਗਾਇਬ ਸਨ। ਉਨ੍ਹਾਂ ਦੱਸਿਆ ਕਿ ਜਦੋਂ ਚੰਗੀ ਤਰ੍ਹਾਂ ਜਾਂਚ-ਪੜਤਾਲ ਕੀਤੀ ਤਾਂ ਚੋਰਾਂ ਦੀ ਪਿੰਡ ਝੱਲੀਆਂ ਨੇੜੇ ਜਾਂਦਿਆਂ ਦੀ ਸੀਸੀਟੀਵੀ ਫੁਟੇਜ ਮਿਲੀ ਹੈ। ਉਨ੍ਹਾਂ ਕਿਹਾਕਿ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਹੈ ਕਿ ਇਨ੍ਹਾਂ ਚੋਰਾਂ ਨੂੰ ਕਾਬੂ ਕਰਕੇ ਮੇਰੇ ਹੋਏ ਲੱਖਾਂ ਰੋਪਏ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਉਨ੍ਹਾਂ ਕਿਹਾਕਿ ਮੈਂ ਖੇਤੀਬਾੜੀ ਦੇ ਨਾਲ-ਨਾਲ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹਾਂ। ਇਸੇ ਤਰ੍ਹਾਂ ਪਿੰਡ ਕੰਧੋਲਾ ਟੱਪਰੀਆਂ ਵਿਖੇ ਮੱਝਾਂ ਦੇ ਮਾਲਕ ਜੱਗੂ ਚੌਧਰੀ ਨੇ ਦੱਸਿਆ ਕਿ ਚੋਰੀ ਹੋਈਆਂ ਦੋਵੇਂ ਮੱਝਾਂ ਦੀ ਕੀਮਤ ਕਰੀਬ 3 ਤੋਂ 4 ਲੱਖ ਰੁਪਏ ਹੈ ਅਤੇ ਦੋਵੇਂ ਗਰਭਵਤੀ ਸਨ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 2 ਵਜੇ ਇਕ ਟਾਟਾ ਗੱਡੀ ਵਿਚ ਤਿੰਨ ਨਕਾਬਪੋਸ਼ ਵਿਅਕਤੀ ਉਨ੍ਹਾਂ ਦੇ ਪਸ਼ੂ ਵਾੜੇ ਕੋਲ ਆਏ। ਇਨ੍ਹਾਂ ਵਿੱਚੋਂ ਇਕ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਿਆ, ਜਦਕਿ ਦੂਜਾ ਬਾਹਰ ਰੇਕੀ ਕਰਦਾ ਰਿਹਾ ਤੇ ਤੀਜਾ ਗੱਡੀ ਸਟਾਰਟ ਕਰਕੇ ਖੜ੍ਹਾ ਰਿਹਾ। ਅੰਦਰ ਦਾਖ਼ਲ ਹੋਏ ਚੋਰ ਨੇ ਬੇਖੌਫ਼ ਹੋ ਕੇ ਪਸ਼ੂ ਵਾੜੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਦੋਵੇਂ ਮੱਝਾਂ ਨੂੰ ਬਾਹਰ ਲਿਆ ਕੇ ਗੱਡੀ ਵੱਲ ਲੈ ਗਿਆ। ਇਸ ਤੋਂ ਬਾਅਦ ਤਿੰਨਾਂ ਨੇ ਮਿਲ ਕੇ ਮੱਝਾਂ ਨੂੰ ਗੱਡੀ ਵਿਚ ਲੱਦਿਆ ਅਤੇ ਫ਼ਰਾਰ ਹੋ ਗਏ। ਜੱਗੂ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦਾ ਪਤਾ ਸਵੇਰੇ ਲੱਗਾ। ਉਨ੍ਹਾਂ ਇਸ ਸਬੰਧੀ ਸ੍ਰੀ ਚਮਕੌਰ ਸਾਹਿਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਮੱਝਾਂ ਬਰਾਮਦ ਕਰਨ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ਵਿਚ ਪਹਿਲਾਂ ਵੀ ਪਸ਼ੂ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕਾਈਨੌਰ, ਧਨੌਰੀ ਤੋਂ ਇਲਾਵਾ ਮੋਰਿੰਡਾ ਦੀ ਰਾਮਗੜ੍ਹ ਰੋਡ ਤੋਂ ਵੀ ਮੱਝਾਂ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਕਾਰਨ ਪਸ਼ੂ ਪਾਲਕਾਂ ’ਚ ਡਰ ਦਾ ਮਾਹੌਲ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਕੰਧੋਲਾ ਟੱਪਰੀਆਂ ਤੇ ਰਸਤੇ ਵਿਚ ਪੈਂਦੇ ਹੋਰ ਪਿੰਡਾਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਪਸ਼ੂ ਵਾੜੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਚੋਰ ਗਿਰੋਹ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।