ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ’ਚ ਹਜ਼ਾਰਾਂ ਮੱਛੀਆਂ ਤੇ ਜੰਗਲੀ ਜੀਵ ਮ੍ਰਿਤਕ ਮਿਲੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ’ਚ ਹਜ਼ਾਰਾਂ ਮੱਛੀਆਂ ਤੇ ਜੰਗਲੀ ਜੀਵ ਮ੍ਰਿਤਕ ਮਿਲੇ
Publish Date: Mon, 23 Nov 2026 04:10 PM (IST)
Updated Date: Mon, 23 Nov 2026 04:13 PM (IST)
ਪ੍ਰਦੂਸ਼ਣ ਵਿਭਾਗ ਨੇ ਭਰੇ ਸੈਂਪਲ, ਜੰਗਲੀ ਜੀਵ ਵਿਭਾਗ ਨੇ ਪੋਸਟਮਾਰਟਮ ਤੇ ਸਖ਼ਤ ਕਾਰਵਾਈ ਦਾ ਦਿੱਤਾ ਭਰੋਸਾ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ’ਚ ਨੰਗਲ ਨੇੜਲੇ ਪਿੰਡ ਬੰਦਲੈਹੜੀ ਸਾਈਫਨ ਕੋਲ ਹਜ਼ਾਰਾਂ ਦੀ ਤਾਦਾਦ ’ਚ ਮੱਛੀਆਂ ਮ੍ਰਿਤਕ ਪਾਈਆਂ ਗਈਆਂ ਹਨ। ਮੱਛੀਆਂ ਤੋਂ ਇਲਾਵਾ ਇੱਥੇ ਇੱਕ ਨੀਲਗਾਂ, ਜੰਗਲੀ ਸੂਰ ਤੇ ਇੱਕ ਸੱਪ ਵੀ ਮ੍ਰਿਤਕ ਹਾਲਤ ’ਚ ਮਿਲੇ ਹਨ। ਜ਼ਿਕਰਯੋਗ ਹੈ ਕਿ ਇਹ ਨਹਿਰ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਹੈ ਤੇ ਮੌਕੇ ’ਤੇ ਭਾਰੀ ਮਾਤਰਾ ’ਚ ਗੰਦਗੀ ਪਈ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੰਗਲੀ ਜੀਵ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮੌਕੇ ’ਤੇ ਪਹੁੰਚੇ ਜੰਗਲੀ ਜੀਵ ਵਿਭਾਗ ਦੇ ਬੀ.ਓ. (ਬਲਾਕ ਅਫ਼ਸਰ) ਨਰਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦੋਂ ਉਨ੍ਹਾਂ ਨੇ ਮੌਕੇ ਦਾ ਮੁਆਇਨਾ ਕੀਤਾ ਤਾਂ ਨਹਿਰ ’ਚ ਕਾਫ਼ੀ ਕੂੜਾ-ਕਰਕਟ, ਫਾਲਤੂ ਸਮਾਨ ਤੇ ਪੂਜਾ ਦੀ ਪਾਠ ਪੂਜਾ ਦੀ ਕਾਫੀ ਸਮੱਗਰੀ ਇਕੱਠੀ ਹੋਈ ਪਈ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਇੱਕ ਨੀਲ ਗਾਂ, ਸੂਰ ਤੇ ਸੱਪ ਮ੍ਰਿਤਕ ਹਾਲਤ ’ਚ ਮਿਲੇ ਹਨ, ਜਿਨ੍ਹਾਂ ਦੀਆਂ ਲਾਸ਼ਾਂ ਗਲ-ਸੜ ਚੁੱਕੀਆਂ ਹਨ ਤੇ ਉਨ੍ਹਾਂ ਨੂੰ ਬਾਹਰ ਕੱਢਣਾ ਵੀ ਕਾਫ਼ੀ ਔਖਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਸਬੰਧਤ ਰੇਂਜ ਅਫ਼ਸਰ ਅਮਰੀਕ ਸਿੰਘ ਨੂੰ ਸੂਚਿਤ ਕਰਕੇ ਪ੍ਰਾਪਰ ਟੀਮ ਤੇ ਸਟਾਫ਼ ਭੇਜਣ ਦੀ ਮੰਗ ਕੀਤੀ ਹੈ। ਨਰਿੰਦਰਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਇੱਥੇ ਵਣ ਗਾਰਡ ਤੈਨਾਤ ਨਾ ਹੋਣ ਕਾਰਨ ਕਾਫ਼ੀ ਦਿੱਕਤ ਆ ਰਹੀ ਹੈ, ਜਦਕਿ ਪਹਿਲਾਂ ਵੀ ਕਈ ਵਾਰ ਵਣ ਗਾਰਡ ਤੈਨਾਤ ਕਰਨ ਦੀ ਬੇਨਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨੇ ਵੀ ਮੌਕਾ ਦੇਖ ਕੇ ਐੱਸਡੀਐੱਮ. ਸਾਹਿਬ ਨਾਲ ਤਾਲਮੇਲ ਕਰਕੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਅਗਲੇਰੀ ਕਾਰਵਾਈ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਲੈ ਕੇ ਤੇ ਮ੍ਰਿਤਕ ਜੰਗਲੀ ਜੀਵਾਂ ਦਾ ਪੋਸਟਮਾਰਟਮ ਕਰਵਾ ਕੇ ਨਿਯਮਾਂ ਤੇ ਐਕਟ ਤਹਿਤ ਉੱਚ ਅਧਿਕਾਰੀਆਂ ਦੇ ਸਹਿਯੋਗ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ. ਹਰਸਿਮਰਨ ਸਿੰਘ ਨੇ ਲੈਬ ਮੈਂਬਰਾਂ ਸਮੇਤ ਮੌਕੇ ਤੋਂ ਪਾਣੀ ਦੇ ਸੈਂਪਲ ਭਰੇ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਾਣੀ ਦਾ ਪੀ.ਓ. ਪੱਧਰ ਲਗਭਗ 9 ਪਾਇਆ ਗਿਆ ਹੈ ਤੇ ਪਾਣੀ ਵਿੱਚੋਂ ਕੋਈ ਬਦਬੂ ਨਹੀਂ ਆ ਰਹੀ, ਸਗੋਂ ਇਲਾਕੇ ’ਚ ਫੈਲੀ ਬਦਬੂ ਆਲੇ-ਦੁਆਲੇ ਪਏ ਮ੍ਰਿਤਕ ਜਾਨਵਰਾਂ ਤੇ ਮੱਛੀਆਂ ਕਾਰਨ ਹੈ। ਵਿਭਾਗ ਵੱਲੋਂ ਪਾਣੀ ਦੇ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਪਟਿਆਲਾ ਸਥਿਤ ਲੈਬਾਰਟਰੀ ’ਚ ਭੇਜਿਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤਾਂ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।