ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ 'ਚ ਜੰਗਲੀ ਜੀਵਾਂ ਦੀ ਮੌਤ, ਹਜ਼ਾਰਾਂ ਮੱਛੀਆਂ ਮ੍ਰਿਤਕ ਮਿਲੀਆ; ਪ੍ਰਦੂਸ਼ਣ ਵਿਭਾਗ ਨੇ ਲਏ ਸੈਂਪਲ
ਮੌਕੇ ’ਤੇ ਪਹੁੰਚੇ ਜੰਗਲੀ ਜੀਵ ਵਿਭਾਗ ਦੇ ਬੀ.ਓ. (ਬਲਾਕ ਅਫ਼ਸਰ) ਨਰਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦੋਂ ਉਨ੍ਹਾਂ ਨੇ ਮੌਕੇ ਦਾ ਮੁਆਇਨਾ ਕੀਤਾ ਤਾਂ ਨਹਿਰ ਵਿੱਚ ਕਾਫ਼ੀ ਕੂੜਾ-ਕਰਕਟ, ਫਾਲਤੂ ਸਮਾਨ ਅਤੇ ਪੂਜਾ ਦੀ ਸਮੱਗਰੀ ਇਕੱਠੀ ਹੋਈ ਪਈ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਇੱਕ ਨੀਲਗਾਂ, ਸੂਰ ਅਤੇ ਸੱਪ ਮ੍ਰਿਤਕ ਹਾਲਤ ਵਿੱਚ ਮਿਲੇ ਹਨ, ਜਿਨ੍ਹਾਂ ਦੀਆਂ ਲਾਸ਼ਾਂ ਗਲ-ਸੜ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢਣਾ ਵੀ ਕਾਫ਼ੀ ਔਖਾ ਹੋ ਰਿਹਾ ਹੈ।
Publish Date: Mon, 23 Nov 2026 03:00 PM (IST)
Updated Date: Mon, 23 Nov 2026 03:07 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ। ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ ਨੰਗਲ ਨੇੜਲੇ ਪਿੰਡ ਬੰਦਲੈੜੀ ਸਾਈਫਨ ਕੋਲ ਹਜ਼ਾਰਾਂ ਦੀ ਤਾਦਾਦ ਵਿੱਚ ਮੱਛੀਆਂ ਮ੍ਰਿਤਕ ਪਾਈਆਂ ਗਈਆਂ ਹਨ। ਮੱਛੀਆਂ ਤੋਂ ਇਲਾਵਾ ਇੱਥੇ ਇੱਕ ਨੀਲਗਾਂ, ਜੰਗਲੀ ਸੂਰ ਅਤੇ ਇੱਕ ਸੱਪ ਵੀ ਮ੍ਰਿਤਕ ਹਾਲਤ ਵਿੱਚ ਮਿਲੇ ਹਨ। ਜ਼ਿਕਰਯੋਗ ਹੈ ਕਿ ਇਹ ਨਹਿਰ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਹੈ ਅਤੇ ਮੌਕੇ ’ਤੇ ਭਾਰੀ ਮਾਤਰਾ ਵਿੱਚ ਗੰਦਗੀ ਪਈ ਹੋਈ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੰਗਲੀ ਜੀਵ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਮੌਕੇ ’ਤੇ ਪਹੁੰਚੇ ਜੰਗਲੀ ਜੀਵ ਵਿਭਾਗ ਦੇ ਬੀ.ਓ. (ਬਲਾਕ ਅਫ਼ਸਰ) ਨਰਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦੋਂ ਉਨ੍ਹਾਂ ਨੇ ਮੌਕੇ ਦਾ ਮੁਆਇਨਾ ਕੀਤਾ ਤਾਂ ਨਹਿਰ ਵਿੱਚ ਕਾਫ਼ੀ ਕੂੜਾ-ਕਰਕਟ, ਫਾਲਤੂ ਸਮਾਨ ਅਤੇ ਪੂਜਾ ਦੀ ਸਮੱਗਰੀ ਇਕੱਠੀ ਹੋਈ ਪਈ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਇੱਕ ਨੀਲਗਾਂ, ਸੂਰ ਅਤੇ ਸੱਪ ਮ੍ਰਿਤਕ ਹਾਲਤ ਵਿੱਚ ਮਿਲੇ ਹਨ, ਜਿਨ੍ਹਾਂ ਦੀਆਂ ਲਾਸ਼ਾਂ ਗਲ-ਸੜ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢਣਾ ਵੀ ਕਾਫ਼ੀ ਔਖਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਸਬੰਧਤ ਰੇਂਜ ਅਫ਼ਸਰ ਅਮਰੀਕ ਸਿੰਘ ਨੂੰ ਸੂਚਿਤ ਕਰਕੇ ਪ੍ਰਾਪਰ ਟੀਮ ਅਤੇ ਸਟਾਫ਼ ਭੇਜਣ ਦੀ ਮੰਗ ਕੀਤੀ ਹੈ। ਨਰਿੰਦਰਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਇੱਥੇ ਵਣ ਗਾਰਡ ਤੈਨਾਤ ਨਾ ਹੋਣ ਕਾਰਨ ਕਾਫ਼ੀ ਦਿੱਕਤ ਆ ਰਹੀ ਹੈ, ਜਦਕਿ ਪਹਿਲਾਂ ਵੀ ਕਈ ਵਾਰ ਵਣ ਗਾਰਡ ਤੈਨਾਤ ਕਰਨ ਦੀ ਬੇਨਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨੇ ਵੀ ਮੌਕਾ ਦੇਖ ਕੇ ਐੱਸ.ਡੀ.ਐੱਮ. ਸਾਹਿਬ ਨਾਲ ਤਾਲਮੇਲ ਕਰਕੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਅਗਲੇਰੀ ਕਾਰਵਾਈ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਲੈ ਕੇ ਅਤੇ ਮ੍ਰਿਤਕ ਜੰਗਲੀ ਜੀਵਾਂ ਦਾ ਪੋਸਟਮਾਰਟਮ ਕਰਵਾ ਕੇ ਨਿਯਮਾਂ ਅਤੇ ਐਕਟ ਤਹਿਤ ਉੱਚ ਅਧਿਕਾਰੀਆਂ ਦੇ ਸਹਿਯੋਗ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ.ਡੀ.ਓ. ਹਰਸਿਮਰਨ ਸਿੰਘ ਨੇ ਲੈਬ ਮੈਂਬਰਾਂ ਸਮੇਤ ਮੌਕੇ ਤੋਂ ਪਾਣੀ ਦੇ ਸੈਂਪਲ ਭਰੇ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਾਣੀ ਦਾ ਡੀ.ਓ. ਪੱਧਰ ਲਗਭਗ 9 ਪਾਇਆ ਗਿਆ ਹੈ ਅਤੇ ਪਾਣੀ ਵਿੱਚੋਂ ਕੋਈ ਬਦਬੂ ਨਹੀਂ ਆ ਰਹੀ, ਸਗੋਂ ਇਲਾਕੇ ਵਿੱਚ ਫੈਲੀ ਬਦਬੂ ਆਲੇ-ਦੁਆਲੇ ਪਏ ਮ੍ਰਿਤਕ ਜਾਨਵਰਾਂ ਅਤੇ ਮੱਛੀਆਂ ਕਾਰਨ ਹੈ।
ਵਿਭਾਗ ਵੱਲੋਂ ਪਾਣੀ ਦੇ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਪਟਿਆਲਾ ਸਥਿਤ ਲੈਬਾਰਟਰੀ ਵਿੱਚ ਭੇਜਿਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤਾਂ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।