ਨਸ਼ੇ ਫੈਲਾਉਣ ਵਾਲੇ ਹੁਣ ਨਸ਼ਿਆਂ ਖਿਲਾਫ ਕੱਢ ਰਹੇ ਸਾਈਕਲ ਯਾਤਰਾ : ਡਾ: ਚਰਨਜੀਤ ਸਿੰਘ ਹਲਕੇ ਵਿਚ ਨਸ਼ੇ ਫੈਲਾਉਣ ਵਾਲੇ ਹੁਣ ਨਸ਼ਿਆਂ ਖਿਲਾਫ ਕੱਢ ਰਹੇ ਸਾਈਕਲ ਯਾਤਰਾ- ਵਿਧਾਇਕ ਡਾ:ਚਰਨਜੀਤ ਸਿੰਘ
Publish Date: Wed, 11 Nov 2026 05:57 PM (IST)
Updated Date: Wed, 11 Nov 2026 06:00 PM (IST)
ਸਾਬਕਾ ਮੁੱਖ ਮੰਤਰੀ ਨੂੰ ਹਲਕੇ ’ਚ ਨਸ਼ਿਆਂ ਲਈ ਠਹਿਰਾਇਆ ਜਿੰਮੇਦਾਰ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਇੱਥੇ ਇੱਕ ਕਾਹਲੀ ’ਚ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਸ਼ਿਆਂ ਖ਼ਿਲਾਫ਼ ਕੱਢੀ ਜਾ ਰਹੀ ਜਵਾਨੀ ਸੰਭਾਲ ਸਾਈਕਲ ਯਾਤਰਾ ’ਤੇ ਤੰਜ ਕਸਦਿਆਂ ਕਿਹਾ ਕਿ ਪਵਿੱਤਰ ਹਲਕੇ ਨੂੰ ਨਸ਼ਿਆਂ ਦਾ ਗੜ੍ਹ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਨਸ਼ਿਆਂ ਖਿਲਾਫ ਜਵਾਨੀ ਸੰਭਾਲ ਯਾਤਰਾ ਕੱਢਣ ਜਾ ਰਹੇ ਹਨ ਜੋ ਇੱਕ ਹਾਸੋਹੀਣੀ ਗੱਲ ਹੈ। ਵਿਧਾਇਕ ਡਾ. ਚਰਨਜੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਚਰਨਜੀਤ ਸਿੰਘ ਚੰਨੀ 2007 ’ਚ ਇਲੈਕਸ਼ਨਾਂ ਦੌਰਾਨ ਖੁਦ ਹੀ ਇਸ ਪਵਿੱਤਰ ਹਲਕੇ ’ਚ ਨਸ਼ੇ ਲੈ ਕੇ ਆਏ ਤੇ ਅੱਜ ਨਸ਼ਿਆਂ ਖ਼ਿਲਾਫ਼ ਸਾਈਕਲ ਯਾਤਰਾ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਲਕਾ ਸ੍ਰੀ ਚਮਕੌਰ ਸਾਹਿਬ ’ਚ ਨਸ਼ੇ ਦਾ ਨਾਮੋ ਨਿਸ਼ਾਨ ਨਹੀਂ ਸੀ। ਸਾਬਕਾ ਮੁੱਖ ਮੰਤਰੀ ਵੱਲੋਂ ਕੀਤੀ ਜਾ ਰਹੀ ਜਵਾਨੀ ਸੰਭਾਲ ਸਾਈਕਲ ਯਾਤਰਾ ’ਤੇ ਕਿੰਤੂ ਕਰਦਿਆਂ ਵਿਧਾਇਕ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਚੋਣਾਂ ਨੇੜੇ ਹੀ ਨਸ਼ਾ ਵਿਰੋਧੀ ਸਾਈਕਲ ਯਾਤਰਾ ਯਾਦ ਆਉਂਦੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਚਰਨਜੀਤ ਸਿੰਘ ਚੰਨੀ ਨੇ ਅਜਿਹੀ ਹੀ ਸਾਈਕਲ ਯਾਤਰਾ ਕੱਢੀ ਸੀ ਤੇ ਹੁਣ ਚੋਣਾਂ ਤੋਂ ਪਹਿਲਾਂ ਫਿਰ 10 ਸਾਲ ਬਾਅਦ ਸਾਈਕਲ ਯਾਤਰਾ ਦੀ ਯਾਦ ਆ ਗਈ। ਆਪ ਸਰਕਾਰ ਦੀ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੀ ਗੱਲ ਕਰਦਿਆਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ 2022 ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵੱਡੀ ਗਿਣਤੀ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਜੇਲ੍ਹਾਂ ਅੰਦਰ ਡੱਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਹਲਕਾ ਸ੍ਰੀ ਚਮਕੌਰ ਸਾਹਿਬ ’ਚ ਨਸ਼ੇ ਦੇ ਸੌਦਾਗਰਾਂ ਦੀ ਗੱਲ ਕਰਦਿਆਂ ਉਨ੍ਹਾਂ ਕੁਝ ਪਿੰਡਾਂ ਦੇ ਨਾਂਅ ਵੀ ਲਏ ਜਿਨ੍ਹਾਂ ’ਚ ਪਿੰਡ ਕਲਾਰਾਂ, ਰੌਣੀ, ਚੱਕਲਾਂ, ਸੋਲਖੀਆਂ, ਡੱਲਾ ਤੇ ਬਹਿਰਾਮਪੁਰ ਬੇਟ ਆਦਿ ਪਿੰਡਾਂ ’ਚ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਹਲਕਾ ਵਿਧਾਇਕ ਨੇ ਕਿਹਾ ਕਿ ਪਿਛਲੀ ਜਨਵਰੀ ਮਹੀਨੇ ਜਿਹੜੇ ਦੋ ਤਿੰਨ ਨਸ਼ੇ ਦੇ ਵਪਾਰੀ ਚਮਕੌਰ ਸਾਹਿਬ ਤੋਂ ਫੜੇ ਸਨ, ਉਹ ਸਾਬਕਾ ਮੁੱਖ ਮੰਤਰੀ ਦੇ ਬਿਲਕੁਲ ਕਰੀਬੀ ਸਨ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਤੁਸੀਂ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਾਈਕਲ ਰੈਲੀ ਤੁਸੀਂ ਚੋਣਾਂ ਦੇ ਨੇੜੇ ਹੀ ਕੱਢਦੇ ਹੋ ਪਰ ਅੰਦਰੋ ਤੁਸੀਂ ਕੋਈ ਨਸ਼ਿਆਂ ਦੇ ਖਿਲਾਫ ਨਹੀਂ। ਤੁਸੀਂ ਤਾਂ ਆਪ ਨਸ਼ਿਆਂ ਨੂੰ ਇਸ ਹਲਕੇ ’ਚ ਪ੍ਰਫੁੱਲਿਤ ਕੀਤਾ। ਉਨ੍ਹਾਂ ਕਿਹਾ ਕਿ 2016 ’ਚ ਵੀ ਜਦੋਂ ਚੋਣਾਂ ਨਜ਼ਦੀਕ ਸਨ, ਉਦੋਂ ਵੀ ਤੁਸੀਂ ਸਾਈਕਲ ਯਾਤਰਾ ਕੱਢੀ ਸੀ। ਅੱਜ ਫਿਰ ਤੁਸੀਂ ਚੋਣਾਂ ਨੇੜੇ ਹੋਣ ਸਮੇਂ ਤੁਸੀਂ ਇਹ ਸਾਈਕਲ ਰੈਲੀ ਕੱਢਣ ਜਾ ਰਹੇ ਹੋ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤੁਸੀਂ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹੋ ਤੁਸੀਂ ਭਰਮਾ ਕੇ ਲੋਕਾਂ ਤੋਂ ਵੋਟਾਂ ਲੈਣਾ ਚਾਹੁੰਦੇ ਹੋ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਤੁਹਾਡਾ ਦੂਸਰਾ ਮਨੋਰਥ ਇਹ ਹੈ ਕਿ ਤੁਸੀਂ ਅਪਣੀ ਹਾਈ ਕਮਾਂਡ ਜਿਹੜੀ ਦਿੱਲੀ ਬੈਠੀ ਹੈ, ਤੇ ਪ੍ਰੈਸ਼ਰ ਬਣਾਉਣਾ ਚਾਹੁੰਦੇ ਹੋ ਤੇ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਮੈਂ ਹੀ ਸਭ ਤੋਂ ਵੱਡਾ ਲੀਡਰ ਹਾਂ ਤੇ ਕਾਂਗਰਸ ਦੀਆਂ ਰੈਲੀਆਂ ’ਚ ਵੀ ਤੁਸੀਂ ਅਪਣੇ ਖੁਦ ਦੇ ਬੰਦੇ ਭੇਜ ਕੇ ਅਪਣੇ ਹੱਕ ਦੇ ਨਾਅਰੇ ਲਗਾਏ ਸਨ ਤਾਂ ਜੋ ਹਾਈ ਕਮਾਂਡ ਕਿਸੇ ਨਾ ਕਿਸੇ ਤਰ੍ਹਾਂ ਤੁਹਾਨੂੰ (ਚੰਨੀ ਨੂੰ ) ਮੁੱਖ ਮੰਤਰੀ ਦਾ ਚਿਹਰਾ ਐਲਾਨ ਸਕੇ। ਉਨ੍ਹਾਂ ਸਾਬਕਾ ਮੁੱਖ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਦੀਆਂ ਇਹ ਸਾਰੀਆਂ ਮੋਮੋਠਗਣੀਆਂ ਹਾਈ ਕਮਾਂਡ ਵੀ ਸਮਝ ਚੁੱਕੀ ਹੈ ਤੇ ਲੋਕ ਵੀ ਸਮਝ ਚੁੱਕੇ ਹਨ, ਜੋ ਹੁਣ ਉਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਤੁਹਾਨੂੰ ਲੱਗਦਾ ਸੀ ਕਿ 2027 ਦੀਆਂ ਚੋਣਾਂ ’ਚ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਗੇ ਤੇ ਤੁਸੀਂ ਮੁੱਖ ਮੰਤਰੀ ਬਣੋਗੇ ਪ੍ਰੰਤੂ ਤੁਹਾਡਾ ਇਹ ਮਨੋਰਥ ਕਦੇ ਵੀ ਪੂਰਾ ਨਹੀਂ ਹੋਵੇਗਾ ਤੇ ਆਉਣ ਵਾਲੇ ਸਮੇਂ ’ਚ ਲੋਕ ਤੁਹਾਨੂੰ ਇਸਦਾ ਮੂੰਹ ਤੋੜ ਜਵਾਬ ਜਰੂਰ ਦੇਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਕੇਸਰ ਸਿੰਘ ਸਮਾਣਾ ਚੈਅਰਮੈਨ ਮਾਰਕੀਟ ਕਮੇਟੀ ਮੋਰਿੰਡਾ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ।