ਚੋਰਾਂ ਦੇ ਹੌਸਲੇ ਬੁਲੰਦ, ਦਿਨ-ਦਿਹਾੜੇ ਕੋਚਿੰਗ ਸੈਂਟਰ ’ਚ ਦੂਜੀ ਵਾਰ ਚੋਰੀ ਮੋਰਿੰਡਾ ਵਿਚ ਚੋਰਾਂ ਦੇ ਹੌਸਲੇ ਬੁਲੰਦ, ਦਿਨ-ਦਿਹਾੜੇ ਕੋਚਿੰਗ ਸੈਂਟਰ ਵਿਚ ਦੂਜੀ ਵਾਰ ਚੋਰੀ
Publish Date: Mon, 16 Nov 2026 05:58 PM (IST)
Updated Date: Mon, 16 Nov 2026 06:00 PM (IST)
ਪੁਲਿਸ ਦੀ ਗਸ਼ਤ ’ਤੇ ਉੱਠੇ ਸਵਾਲ, ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈ ਘਟਨਾ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ’ਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਦਿਨ-ਦਿਹਾੜੇ ਵੀ ਵਿੱਦਿਅਕ ਸੰਸਥਾਵਾਂ ਤੇ ਰਿਹਾਇਸ਼ੀ ਮਕਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਐਤਵਾਰ ਨੂੰ ਬੱਸ ਸਟੈਂਡ ਨੇੜੇ ਸਥਿਤ ਸਾਹਿਲ ਕੋਚਿੰਗ ਸੈਂਟਰ ’ਚ ਚੋਰ ਨੇ ਦੂਜੀ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਸੈਂਟਰ ’ਚੋਂ ਟੂਟੀਆਂ ਪੁੱਟ ਕੇ ਲੈ ਗਿਆ ਤੇ ਰਸੋਈ ਤੇ ਬਾਥਰੂਮ ’ਚ ਭੰਨਤੋੜ ਕਰਨ ਤੋਂ ਇਲਾਵਾ ਅਲਮਾਰੀ ’ਚ ਪਿਆ ਸਾਮਾਨ ਵੀ ਖਿਲਾਰ ਦਿੱਤਾ। ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਨੇ ਪੁਲਿਸ ਦੀ ਗਸ਼ਤ ਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਦਿੰਦਿਆਂ ਸੈਂਟਰ ਦੇ ਸੰਚਾਲਕ ਸਾਹਿਲ ਦੇ ਪਿਤਾ ਰਾਮ ਲਾਲ ਲੱਖਾ ਚੌਧਰੀ ਨੇ ਦੱਸਿਆ ਕਿ ਐਤਵਾਰ ਦੀ ਛੁੱਟੀ ਹੋਣ ਕਾਰਨ ਕੋਚਿੰਗ ਸੈਂਟਰ ਬੰਦ ਸੀ। ਇਸ ਦਾ ਫਾਇਦਾ ਉਠਾਉਂਦਿਆਂ ਚੋਰ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਿਆ। ਉਸ ਨੇ ਖਿੜਕੀ ਦਾ ਸ਼ੀਸ਼ਾ ਤੋੜ ਕੇ ਤੇ ਜਾਲੀ ਪਾੜ ਕੇ ਅੰਦਰ ਦਾਖ਼ਲ ਹੋ ਕੇ ਰਸੋਈ ਤੇ ਬਾਥਰੂਮ ’ਚ ਲੱਗੀਆਂ ਟੂਟੀਆਂ ਪੁੱਟ ਲਈਆਂ। ਇਸ ਤੋਂ ਇਲਾਵਾ ਸਾਮਾਨ ਦੀ ਭੰਨਤੋੜ ਕੀਤੀ ਤੇ ਅਲਮਾਰੀ ’ਚ ਪਿਆ ਸਾਮਾਨ ਵੀ ਖਿਲਾਰ ਦਿੱਤਾ। ਚੌਧਰੀ ਅਨੁਸਾਰ ਸੀਸੀਟੀਵੀ ਫੁਟੇਜ ’ਚ ਇੱਕ ਚੋਰ ਰਾਤ ਕਰੀਬ 7:46 ਵਜੇ ਗੇਟ ਟੱਪ ਕੇ ਸੈਂਟਰ ’ਚ ਦਾਖ਼ਲ ਹੁੰਦਾ ਦਿਖਾਈ ਦੇ ਰਿਹਾ ਹੈ, ਜੋ ਰਾਤ 8:22 ਵਜੇ ਉਸੇ ਰਸਤੇ ਬਾਹਰ ਨਿਕਲ ਗਿਆ। ਸੋਮਵਾਰ ਸਵੇਰੇ ਜਦੋਂ ਸਫ਼ਾਈ ਕਰਮਚਾਰੀ ਸੈਂਟਰ ਪਹੁੰਚੀ ਤਾਂ ਚੋਰੀ ਤੇ ਭੰਨਤੋੜ ਦਾ ਪਤਾ ਲੱਗਿਆ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਅਕਤੂਬਰ 2026 ’ਚ ਵੀ ਚੋਰ ਇਸੇ ਸੈਂਟਰ ’ਚੋਂ ਟੂਟੀਆਂ ਤੇ ਪੱਖੇ ਚੋਰੀ ਕਰਕੇ ਲੈ ਗਏ ਸਨ। ਉਸ ਸਮੇਂ ਉਨ੍ਹਾਂ ਨੇ ਕਰੀਬ 20 ਤੋਂ 25 ਹਜ਼ਾਰ ਰੁਪਏ ਖਰਚ ਕਰਕੇ ਨਵਾਂ ਸਾਮਾਨ ਲਗਵਾਇਆ ਸੀ, ਪਰ ਚੋਰ ਮੁੜ ਟੂਟੀਆਂ ਪੁੱਟ ਕੇ ਲੈ ਗਏ। ਕਰੀਬ ਦੋ ਮਹੀਨੇ ਪਹਿਲਾਂ ਇਸੇ ਸੈਂਟਰ ਦੇ ਨੇੜੇ ਸਥਿਤ ਇੱਕ ਕੋਠੀ ’ਚੋਂ ਵੀ ਚੋਰ ਟੂਟੀਆਂ ਚੋਰੀ ਕਰ ਚੁੱਕੇ ਹਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੰਵੇਦਨਸ਼ੀਲ ਇਲਾਕਿਆਂ ’ਚ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਘਟਨਾ ਦੀ ਸੂਚਨਾ ਮਿਲਣ ’ਤੇ ਏਐੱਸਆਈ ਵਿਸ਼ਾਲ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਸਿਟੀ ਮੋਰਿੰਡਾ ਦੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਫੁਟੇਜ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।