ਮੋਰਿੰਡਾ ’ਚ ਨਹੀਂ ਥੰਮ ਰਿਹਾ ਚੋਰੀਆਂ ਦਾ ਸਿਲਸਿਲਾ : ਹੁਣ ਟਰੈਕਟਰ ਏਜੰਸੀ ’ਚੋਂ 50 ਹਜ਼ਾਰ ਦਾ ਮਾਲ ਚੋਰੀ ਮੋਰਿੰਡਾ 'ਚ ਨਹੀਂ ਥੰਮ ਰਿਹਾ ਚੋਰੀਆਂ ਦਾ ਸਿਲਸਿਲਾ: ਹੁਣ ਟਰੈਕਟਰ ਏਜੰਸੀ 'ਚੋਂ 50 ਹਜ਼ਾਰ ਦਾ ਮਾਲ ਚੋਰੀ
Publish Date: Mon, 26 Oct 2026 06:19 PM (IST)
Updated Date: Mon, 26 Oct 2026 06:22 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ,ਮੋਰਿੰਡਾ : ਪਿਛਲੇ ਦਿਨੀ ਮੋਰਿੰਡਾ ਬੱਸ ਸਟੈਂਡ ਨੇੜੇ ਇੱਕ ਕੋਚਿੰਗ ਸੈਂਟਰ ’ਚ ਹੋਈ ਚੋਰੀ ਤੋਂ ਬਾਅਦ ਸੋਮਵਾਰ ਨੂੰ ਫਿਰ ਚੋਰਾਂ ਨੇ ਮਹਾਰਾਣਾ ਪ੍ਰਤਾਪ ਚੌਂਕ ਨੇੜੇ ਸਥਿਤ ‘ਇੰਟਰਨੈਸ਼ਨਲ ਟਰੈਕਟਰ ਏਜੰਸੀ’ ਨੂੰ ਨਿਸ਼ਾਨਾ ਬਣਾਇਆ। ਚੋਰ ਛੱਤ ਰਸਤੇ ਏਜੰਸੀ ਅੰਦਰ ਦਾਖ਼ਲ ਹੋ ਕੇ ਹਜ਼ਾਰਾਂ ਰੁਪਏ ਦਾ ਮਾਲ ਚੋਰੀ ਕਰਕੇ ਫ਼ਰਾਰ ਹੋ ਗਏ। ਮੰਦਰ ਦਾ ਗੱਲਾ ਤੇ ਲਾਕਰ ਤੋੜ ਕੇ ਕੀਤੀ ਚੋਰੀ ਏਜੰਸੀ ਮਾਲਕ ਭਵਨੀਸ਼ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾਂ ਨੇ ਦਫ਼ਤਰ ਦੇ ਦਰਾਜ਼ ਅਤੇ ਲਾਕਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ, ਚੋਰਾਂ ਨੇ ਏਜੰਸੀ ਅੰਦਰ ਬਣੇ ਮੰਦਰ ਨੂੰ ਵੀ ਨਹੀਂ ਬਖ਼ਸ਼ਿਆ ਤੇ ਭਗਵਾਨ ਦੀ ਤਸਵੀਰ ਅੱਗੇ ਰੱਖਿਆ ਚੜ੍ਹਾਵੇ ਵਾਲਾ ਛੋਟਾ ਗੱਲਾ ਵੀ ਚੁੱਕ ਕੇ ਲੈ ਗਏ। ਮਾਲਕ ਅਨੁਸਾਰ ਚੋਰਾਂ ਨੇ ਦਫ਼ਤਰ ਦੀ ਖਿੜਕੀ ਤੇ ਜਾਲੀ ਤੋੜਨ ਲਈ ਏਜੰਸੀ ਦੀ ਵਰਕਸ਼ਾਪ ਵਿੱਚੋਂ ਹੀ ਵੱਡਾ ਰਾਡ ਅਤੇ ਪੇਚਕਸ ਵਰਤਿਆ। ਤਸੱਲੀ ਨਾਲ ਫਰੋਲਾ-ਫਰਾਲੀ ਕਰਨ ਤੋਂ ਬਾਅਦ ਚੋਰ ਇੱਕ ਨਵਾਂ ਮੋਬਾਈਲ ਫ਼ੋਨ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ, ਜਿਸ ਨਾਲ ਏਜੰਸੀ ਦਾ ਕਰੀਬ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰੋਫ਼ੈਸ਼ਨਲ ਚੋਰ ਵਾਂਗ ਕੈਮਰਿਆਂ ਤੋਂ ਬਚਣ ਲਈ ਲਾਈਆਂ ‘ਡੱਡੂ ਟੱਪੂਸੀਆਂ ਏਜੰਸੀ ਮਾਲਕ ਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਸਾਫ਼ ਜਾਪਦਾ ਹੈ ਕਿ ਚੋਰ ਕਾਫ਼ੀ ਸ਼ਾਤਿਰ ਅਤੇ ਪ੍ਰੋਫ਼ੈਸ਼ਨਲ ਸਨ। ਚੋਰਾਂ ਨੂੰ ਅੰਦਰ ਲੱਗੇ ਕੈਮਰਿਆਂ ਦੀ ਭਣਕ ਸੀ, ਜਿਸ ਕਾਰਨ ਉਹ ਕੈਮਰੇ ਦੀ ਰੇਂਜ ਤੋਂ ਬਚਣ ਲਈ ਦਫ਼ਤਰ ’ਚ ‘ਡੱਡੂ ਟਪੂਸੀਆਂ) (ਝੁੱਕ ਕੇ/ਛਾਲਾਂ) ਮਾਰ ਕੇ ਦਾਖ਼ਲ ਹੁੰਦੇ ਦਿਖਾਈ ਦੇ ਰਹੇ ਹਨ। ਪੁਲਿਸ ਵੱਲੋਂ ਜਾਂਚ ਸ਼ੁਰੂ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਮੋਰਿੰਡਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਜੰਸੀ ਮਾਲਕ ਨੇ ਪੁਲਿਸ ਨੂੰ ਸੀਸੀਟੀਵੀ ਫੁਟੇਜ ਸੌਂਪਦਿਆਂ ਮੰਗ ਕੀਤੀ ਹੈ ਕਿ ਚੋਰਾਂ ਦੀ ਜਲਦ ਸ਼ਨਾਖ਼ਤ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਅਧਿਕਾਰੀ ਦਾ ਬਿਆਨ ਐਸਐਚਓ. ਸਿਟੀ ਮੋਰਿੰਡਾ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।