ਨੌਜਵਾਨ ਪੀੜ੍ਹੀ ਤੇ ਖਿਡਾਰੀ ਦੇਸ਼ ਦਾ ਸਰਮਾਇਆ: ਸੰਧੂ ਨੌਜਵਾਨ ਪੀੜ੍ਹੀ ਤੇ ਖਿਡਾਰੀ ਦੇਸ਼ ਦਾ ਸਰਮਾਇਆ -ਸੰਧੂ
Publish Date: Tue, 17 Nov 2026 04:47 PM (IST)
Updated Date: Tue, 17 Nov 2026 04:49 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਸ੍ਰੋਮਣੀ ਅਕਾਲੀ ਦਲ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਣ ਸਿੰਘ ਸੰਧੂ ਵੱਲੋਂ ਦੱਖਣੀ ਅਫਰੀਕਾ ਵਿਖੇ ਭਾਰਤ ਵੱਲੋਂ ਖੇਡਣ ਜਾ ਰਹੀ ਪੰਜਾਬ ਦੀ ਧੀ ਤੇ ਪਿੰਡ ਕਾਇਨੌਰ ਨਿਵਾਸੀ ਸੋਨਲ ਦਇਆ ਨੂੰ ਮਿਲਕੇ ਵਧਾਈ ਦਿੱਤੀ ਤੇ ਉਨਾਂ ਦੀ ਹੌਸਲਾ ਅਫਜਾਈ ਕੀਤੀ। ਹਰਮੋਹਣ ਸਿੰਘ ਸੰਧੂ ਨੇ ਦੱਸਿਆ ਕਿ ਸੋਨਲ ਨੇ ਆਪਣੀ ਸਖ਼ਤ ਮਿਹਨਤ, ਲਗਨ ਤੇ ਜਜ਼ਬੇ ਸਦਕਾ ਕਾਮਨਵੈਲਥ ਗੇਮਜ਼ ’ਚ ਆਪਣੀ ਜਗ੍ਹਾ ਬਣਾਈ ਹੈ। ਉਨਾਂ ਕਿਹਾ ਕਿ ਸੋਨਲ ਦਇਆ ਦੀ ਸਫਲਤਾ ਪਿੱਛੇ ਉਨ੍ਹਾਂ ਦੇ ਪਿਤਾ ਕੋਚ ਜੋਗਿੰਦਰ ਪਹਿਲਵਾਨ ਤੇ ਮਾਤਾ ਕੋਚ ਮੀਨਾ ਦੇਵੀ ਦਾ ਵਡਾ ਯੋਗਦਾਨ ਹੈ। ਸੋਨਲ ਦਇਆ ਦਸੰਬਰ ’ਚ ਦੱਖਣੀ ਅਫਰੀਕਾ ਵਿਖੇ ਭਾਰਤ ਦੇਸ਼ ਵੱਲੋਂ ਖੇਡਣ ਜਾ ਰਹੀ ਹੈ ਜੋ ਸਮੁੱਚੇ ਪੰਜਾਬ ਲਈ ਬਹੁਤ ਮਾਣ ਦੀ ਗੱਲ ਹੈ। ਸੋਨਲ ਦਇਆ ਸਾਬਕਾ ਸਰਪੰਚ ਪਹਿਲਵਾਨ ਨਰਿੰਦਰ ਸਿੰਘ ਦੇ ਯੋਗਦਾਨ ਨਾਲ ਚਲਾਈ ਜਾ ਰਹੀ ਦਾਦਾ ਦੇਵ ਦਇਆ ਅਕੈਡਮੀ ’ਚ ਪ੍ਰੈਕਟਿਸ ਕਰਦੀ ਹੈ ਜੋ ਪੰਜਾਬ ਦੀ ਲੜਕੀਆਂ ਲਈ ਸਮਰਪਿਤ ਇਕਲੌਤੀ ਕੁਸ਼ਤੀ ਅਕੈਡਮੀ ਹੈ। ਜਿਥੇ ਸੋਨਲ ਦੇ ਪਿਤਾ ਕੋਚ ਜੋਗਿੰਦਰ ਸਿੰਘ ਵੱਲੋਂ ਆਪਣੇ ਦਸਵੰਧ ਵਿੱਚੋਂ 25 ਲੜਕੀਆਂ ਲਈ ਮੁਫ਼ਤ ਰੈਸਲਿੰਗ ਅਕੈਡਮੀ ਚਲਾਉਣਾ, ਲੜਕੀਆਂ ਨੂੰ ਰਹਿਣ, ਖਾਣ-ਪੀਣ ਤੇ ਕੋਚਿੰਗ ਦੀਆਂ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ, ਜੋ ਸਮਾਜ ਸੇਵਾ ਦੀ ਇੱਕ ਬੇਮਿਸਾਲ ਮਿਸਾਲ ਹੈ। ਸੰਧੂ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਸਾਡੇ ਪੰਜਾਬ ਦਾ ਸਰਮਾਇਆ ਹੈ। ਸ੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਨੌਜਵਾਨਾਂ, ਖਿਡਾਰੀਆਂ ਦੇ ਨਾਲ ਖੜਾ ਹੈ। ਸਾਡਾ ਸੁਪਨਾ ਹੈ ਕਿ ਸਾਡੇ ਪੰਜਾਬ ਦੀ ਨੌਜਵਾਨੀ ਦੀ ਊਰਜਾ ਖੇਡਾਂ, ਸਿੱਖਿਆ ਤੇ ਉਸਾਰੂ ਕਾਰਜਾਂ ’ਚ ਲੱਗੇ। ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਕਸ਼ਮੀਰ ਸਿੰਘ ਬਿੱਲਾ ਐੱਸਸੀ ਵਿੰਗ ਜੁਆਇੰਟ ਸਕੱਤਰ, ਪ੍ਰਦੀਪ ਸਪਾਲ ਮੀਤ ਪ੍ਰਧਾਨ ਬੀਸੀ. ਵਿੰਗ, ਰਿੰਕਾ ਪਹਿਲਵਾਨ, ਦੇਵ ਸਿੰਘ ਘੱਗਰ ਸਰੇਂ ਆਦਿ ਵੀ ਹਾਜ਼ਰ ਸਨ।