ਕੰਬਾਈਨ ਨਾਲ ਝੋਨੇ ਦੀ ਕਟਾਈ ਦਾ ਸਮਾਂ ਨਿਰਧਾਰਿਤ ਕੰਬਾਈਨ ਨਾਲ ਝੋਨੇ ਦੀ ਕਟਾਈ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਨਿਰਧਾਰਿਤ
Publish Date: Sat, 19 Sep 2026 03:43 PM (IST)
Updated Date: Sat, 19 Sep 2026 03:44 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਅਨੁਸਾਰ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਇਨ੍ਹਾਂ ਹੁਕਮਾਂ ਦੇ ਅਨੁਸਾਰ ਕੰਬਾਇਨ ਚੱਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਸ਼ਾਮ 6 ਵਜੇ ਤੋਂ ਬਾਅਦ ਅਤੇ ਸਵੇਰੇ 10 ਵਜੇ ਤੋਂ ਪਹਿਲਾਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਕਰਨ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਪਈ ਤਰੇਲ ਕਾਰਨ ਝੋਨੇ ਵਿਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਵੱਧਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਅੱਧ ਪੱਕੇ ਝੋਨੇ ਦੀ ਕਟਾਈ ’ਤੇ ਵੀ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਨਾਲ ਹੀ ਕੱਟੀ ਗਈ ਝੋਨੇ ਦੀ ਨਾੜ/ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਕਿਸੇ ਵੀ ਸਮੇਂ ਅੱਗ ਲਗਾ ਕੇ ਸਾੜਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਰਾਣੀਆਂ ਹੋ ਚੁੱਕੀਆਂ ਕੰਬਾਈਨਾਂ ਜਿਨ੍ਹਾਂ ਵਿਚ ਮਕੈਨੀਕਲ ਨੁਕਸ ਹੋਣ ਕਾਰਨ ਟੁੱਟੇ ਹੋਏ ਚਾਵਲ ਦੇ ਦਾਣਿਆਂ ਦੀ ਮਾਤਰਾ ਵੀ ਮਾਪਦੰਡਾਂ ਤੋਂ ਕਾਫੀ ਵਧ ਜਾਂਦੀ ਹੈ, ਅਜਿਹੀਆਂ ਕੰਬਾਇਨਾਂ ਚਲਾਉਣ ਤੋਂ ਵੀ ਰੋਕ ਲਗਾਈ ਹੈ। ਸਾਰੀਆਂ ਕੰਬਾਇਨਾਂ ਬਿਊਰੋ ਆਫ ਇੰਡੀਅਨ ਸਟੈਂਡਰਡ ਸਰਟੀਫਿਕੇਟ ਮੁਤਾਬਕ ਹੀ ਹੋਣੀਆਂ ਚਾਹੀਦੀਆਂ ਹਨ। ਕੋਈ ਵੀ ਕੰਬਾਇਨ ਹਾਰਵੇਸਟਰ ਸੁਪਰ ਐੱਸ.ਐੱਮ.ਐੱਸ. ਲਗਾਏ ਬਗੈਰ ਨਹੀਂ ਵਰਤਿਆ ਜਾਵੇ। ਜੇਕਰ ਕੋਈ ਵਿਅਕਤੀ ਸ਼ਾਮ 6 ਵਜੇ ਤੋਂ ਬਾਅਦ ਅਤੇ ਸਵੇਰੇ 10 ਵਜੇ ਤੋਂ ਪਹਿਲਾਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਕਰਦਾ ਪਾਇਆ ਗਿਆ ਤਾਂ ਉਸ ਦੀ ਕੰਬਾਇਨ 7 ਦਿਨਾਂ ਲਈ ਜ਼ਬਤ ਕਰ ਲਈ ਜਾਵੇਗੀ। ਇਸ ਹੁਕਮ ਨੂੰ ਲਾਗੂ ਕਰਵਾਉਣ ਦੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ, ਮੁੱਖ ਖੇਤੀਬਾੜੀ ਅਫਸਰ ਰੂਪਨਗਰ, ਤਹਿਸੀਲਦਾਰ ਰੂਪਨਗਰ/ਸ੍ਰੀ ਚਮਕੌਰ ਸਾਹਿਬ/ਮੋਰਿੰਡਾ/ਸ੍ਰੀ ਅਨੰਦਪੁਰ ਸਾਹਿਬ/ਨੰਗਲ ਜ਼ਿੰਮੇਵਾਰ ਹੋਣਗੇ।