ਸੜਕ ’ਤੇ ਕਾਰ ਸੇਵਾ ਰਾਹੀਂ ਲੁੱਕ ਪਾਉਣ ਦਾ ਕੰਮ •ੁਸ਼ੁਰੂ
ਸੰਤਾਂ ਨੇ ਕਾਹਨਪੁਰ ਖੂਹੀ ਤੋਂ ਕੁੱਕੜ ਮਜਾਰਾ ਤੱਕ ਸੜਕ ’ਤੇ ਕਾਰ ਸੇਵਾ ਰਾਹੀਂ ਲੁੱਕ ਪਾਉਣ ਦਾ ਕੰਮ ਕੀਤਾ ਅਰੰਭ
Publish Date: Tue, 24 Feb 2026 04:43 PM (IST)
Updated Date: Tue, 24 Feb 2026 04:46 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਇਲਾਕੇ ਦੀ ਸੰਗਤ ਲਈ ਵੱਡੀ ਖੁਸ਼ਖਬਰੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਾਰਗ ਗੜ੍ਹਸ਼ੰਕਰ ਸ਼੍ਰੀ ਅਨੰਦਪੁਰ ਸਾਹਿਬ ਰੋਡ ’ਤੇ ਪਿੰਡ ਕਾਹਨਪੁਰ ਖੂਹੀ ਤੋਂ ਕੁੱਕੜ ਮਜਾਰਾ ਤੱਕ ਬਣ ਰਹੀ ਸੜਕ ਦੇ ਰਹਿੰਦੇ ਹਿੱਸੇ ’ਤੇ ਅੱਜ ਲੁੱਕ ਪਾਉਣ ਦਾ ਕੰਮ ਅਰਦਾਸ ਉਪਰੰਤ ਬਕਾਇਦਾ ਸ਼ੁਰੂ ਕਰ ਦਿੱਤਾ ਗਿਆ। ਇਹ ਸਾਰਾ ਪ੍ਰੋਜੈਕਟ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਵਾਲਿਆਂ ਦੀ ਅਗਵਾਈ ਹੇਠ ਕਾਰ ਸੇਵਾ ਰਾਹੀਂ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਦਲਜੀਤ ਸਿੰਘ ਬੈਂਸ ਖੁਰਦਾਂ ਅਤੇ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀ ਇਸ ਮਹੱਤਵਪੂਰਨ ਸੜਕ ਦਾ ਨਿਰਮਾਣ ਕਾਰਜ 16 ਫਰਵਰੀ 2024 ਨੂੰ ਸੰਤਾਂ ਦੀ ਅਗਵਾਈ ਹੇਠ ਆਰੰਭ ਕੀਤਾ ਗਿਆ ਸੀ। ਬੀਤੇ ਲੰਬੇ ਸਮੇਂ ਤੋਂ ਸੰਤਾਂ ਵੱਲੋਂ ਕਾਹਨਪੁਰ ਖੂਹੀ ਤੋਂ ਗੜਸ਼ੰਕਰ ਨੂੰ ਜਾਣ ਵਾਲੇ ਇਸ ਮਾਰਗ ਦੀ ਕਾਰ ਸੇਵਾ ਨਿਰੰਤਰ ਚੱਲ ਰਹੀ ਹੈ ਅਤੇ ਹੁਣ ਤੱਕ ਇਸ ਦਾ ਵੱਡਾ ਹਿੱਸਾ ਬੜਾ ਕੇ ਸੰਗਤਾਂ ਅਤੇ ਆਮ ਜਨਤਾ ਲਈ ਤਿਆਰ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸੜਕ ਦਾ ਜ਼ਿਆਦਾਤਰ ਹਿੱਸਾ ਮਜ਼ਬੂਤੀ ਨਾਲ ਤਿਆਰ ਹੋ ਚੁੱਕਾ ਹੈ ਅਤੇ ਹੁਣ ਤੀਸਰੇ ਫੇਜ਼ ਤਹਿਤ ਜੰਗਲੀ ਪਹਾੜੀਆਂ ਵਾਲੇ ਹਿੱਸੇ ਵਿਚ ਲੁੱਕ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਹਾੜੀ ਖੇਤਰ ਹੋਣ ਅਤੇ ਭਾਰੀ ਵਾਹਨਾਂ ਦੀ ਵੱਧਦੀ ਆਵਾਜਾਈ ਨੂੰ ਧਿਆਨ ਵਿਚ ਰੱਖਦਿਆਂ ਸੜਕ ’ਤੇ ਲਗਭਗ 7 ਲੱਖ ਟਨ ਵਾਧੂ ਰੋੜੀ-ਬਜਰੀ ਪਾਈ ਗਈ ਹੈ ਤਾਂ ਜੋ ਸੜਕ ਲੰਮੇ ਸਮੇਂ ਤੱਕ ਮਜ਼ਬੂਤ ਅਤੇ ਟਿਕਾਊ ਰਹੇ। ਇਸ ਸਬੰਧੀ ਕਿਹਾ ਜਾਵੇ ਤਾਂ ਇਹ ਸਿਰਫ਼ ਸੜਕ ਨਹੀਂ, ਸੇਵਾ, ਸ਼ਰਧਾ ਅਤੇ ਸੰਗਤ ਦੇ ਸਹਿਯੋਗ ਨਾਲ ਬਣ ਰਹੀ ਇਕ ਐਸੀ ਜੀਵਨ-ਰੇਖਾ ਹੈ ਜੋ ਪਹਾੜੀ ਇਲਾਕਿਆਂ ਨੂੰ ਮੈਦਾਨੀ ਖੇਤਰਾਂ ਨਾਲ ਜੋੜਦੀ ਹੈ। ਇਹ ਮਾਰਗ ਰੋਜ਼ਾਨਾ ਸੈਂਕੜਿਆਂ ਵਾਹਨਾਂ ਅਤੇ ਹਜ਼ਾਰਾਂ ਸ਼ਰਧਾਲੂਆਂ ਲਈ ਸੁਵਿਧਾ ਦਾ ਸਾਧਨ ਬਣੇਗਾ, ਖ਼ਾਸ ਕਰਕੇ ਹੋਲੇ ਮਹੱਲੇ ਵਰਗੇ ਧਾਰਮਿਕ ਸਮਾਗਮਾਂ ਦੌਰਾਨ ਇਸ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਦਲਜੀਤ ਸਿੰਘ ਬੈਂਸ ਨੇ ਵਿਸ਼ਵਾਸ ਜਤਾਇਆ ਕਿ ਚੱਲ ਰਿਹਾ ਇਹ ਕੰਮ ਹੋਲੇ ਮਹੱਲੇ ਤੋਂ ਪਹਿਲਾਂ ਮੁਕੰਮਲ ਕਰ ਦਿੱਤਾ ਜਾਵੇਗਾ, ਤਾਂ ਜੋ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਹ ਸਾਰਾ ਨਿਰਮਾਣ ਕਾਰਜ ਸਿਰਫ਼ ਕਾਰ ਸੇਵਾ ਰਾਹੀਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਜੋ ਆਪਸੀ ਏਕਤਾ ਅਤੇ ਸੇਵਾ ਭਾਵਨਾ ਦੀ ਪ੍ਰੇਰਕ ਮਿਸਾਲ ਹੈ। ਇਸ ਮੌਕੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲੇ, ਦਲਜੀਤ ਸਿੰਘ ਬੈਂਸ, ਡਾ. ਗੁਰਮੇਲ ਸਿੰਘ ਕੜਿਆਲ, ਬਾਬਾ ਵਿਰਸਾ ਸਿੰਘ ਸ਼ਾਹ ਲੋਪੋਕੇ, ਸਿਮਰਨ ਸਿੰਘ ਵੜੈਚ ਅੰਮ੍ਰਿਤਸਰ, ਹਰਪਾਲ ਸਿੰਘ ਪਾਲੀ, ਕਸ਼ਮੀਰ ਸਿੰਘ ਸਾਹਦੜਾ, ਹਰਜਾਪ ਸਿੰਘ ਜਾਪਾ, ਜੁਗਰਾਜ ਸਿੰਘ, ਪਾਲ ਸਿੰਘ, ਮਨਪ੍ਰੀਤ ਸਿੰਘ ਜੱਗਾ, ਜਥੇਦਾਰ ਚਾਨਣ ਸਿੰਘ, ਹੀਰਾ ਸਿੰਘ ਪੰਨੂੰ, ਨਿਰਮਲ ਸਿੰਘ ਬੋੜਾ ਅਤੇ ਬਲਵੀਰ ਸਿੰਘ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।