ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਵਾਲਾ ਸਮਾਜ ਸਿਰਜਣ ਲਈ ਤਰਕਸ਼ੀਲ ਸੁਸਾਇਟੀ ਯਤਨਸ਼ੀਲ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਵਾਲਾ ਸਮਾਜ ਸਿਰਜਣ ਲਈ ਤਰਕਸ਼ੀਲ ਸੁਸਾਇਟੀ ਯਤਨਸ਼ੀਲ
Publish Date: Wed, 14 Oct 2026 03:25 PM (IST)
Updated Date: Wed, 14 Oct 2026 03:27 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਤਰਕਸ਼ੀਲ ਸੁਸਾਇਟੀ ਰੂਪਨਗਰ ਵੱਲੋ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 119ਵੇਂ ਜਨਮ ਦਿਵਸ ਨੂੰ ਸਮਰਪਿਤ ਹਰ ਦਰ ’ਤੇ ਜਗਾਈਏ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਮਸ਼ਾਲ ਵਾਲੇ ਪੈਂਫਲਿਟ ਰੋਪੜ ਦੇ ਪਿੰਡਾਂ, ਸ਼ਹਿਰਾਂ, ਸਕੂਲਾਂ ਅਤੇ ਧਰਨਿਆਂ ’ਚ ਵੰਡੇ ਗਏ। ਕਈ ਸਕੂਲਾਂ ’ਚ ਭਗਤ ਸਿੰਘ ਜੀ ਦੇ ਵਿਚਾਰਾਂ ਵਾਲੇ ਪੈਂਫਲਿਟਾਂ ’ਚੋਂ ਵਿਦਿਆਰਥੀਆਂ ਦੇ ਟੈਸਟ ਲਏ ਗਏ। ਇਨ੍ਹਾਂ ਟੈਸਟਾਂ ਵਿੱਚੋਂ ਪਹਿਲੀ,ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਜ਼ੋਨ ਮੁਖੀ ਅਜੀਤ ਪ੍ਰਦੇਸੀ,ਅਸ਼ੋਕ ਕੁਮਾਰ,ਹਰਨੇਕ ਚੱਕ ਕਰਮਾਂ,ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ ਤੇ ਹਰਵਿੰਦਰ ਸੁਖਰਾਮ ਪੁਰੀ ਨੇ ਪ੍ਰੈਸ ਨੂੰ ਦੱਸਿਆ ਕਿ ਸਾਡਾ ਮਕਸਦ ਸਿਰਫ ਟੈਸਟ ਲੈਣਾ ਹੀ ਨਹੀਂ ਹੈ ਸਗੋਂ ਵਿਦਿਆਰਥੀਆ ਨੂੰ ਭਗਤ ਸਿੰਘ ਦੇ ਵਿਚਾਰਾਂ ਨਾਲ ਲੈਸ ਕਰਨਾ ਅਤੇ ਪੁਸਤਕ ਸੱਭਿਆਚਾਰ ਨਾਲ ਜੋੜਨਾ ਹੈ। ਇਨ੍ਹਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਭਗਤ ਸਿੰਘ ਹੋਰੀਂ ਅੰਗਰੇਜ਼ਾਂ ਤੋਂ ਕੇਵਲ ਅਜ਼ਾਦੀ ਹਾਸਲ ਕਰਨਾ ਹੀ ਨਹੀਂ ਸਨ ਚਾਹੁੰਦੇ ਸਗੋਂ ਉਨ੍ਹਾਂ ਦਾ ਉਦੇਸ਼ ਲੁੱਟ ਰਹਿਤ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਸੀ। ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਸਮਾਜ ਸਿਰਜਣ ਲਈ ਉਨ੍ਹਾ ਦੇ ਵਿਚਾਰਾਂ ਵਾਲੀਆ ਪੁਸਤਕਾਂ ਪੜ੍ਹਨ ਦੀ ਲੋੜ ਹੈ ਤਾਂ ਕਿ ਵਿਦਿਆਰਥੀਆਂ ਦਾ ਰੁਝਾਨ ਅਧਿਐਨ ਕਰਨ ਵੱਲ ਵਧੇ। ਸਕੂਲਾਂ ’ਚ ਲਏ ਗਏ ਟੈਸਟਾਂ ’ਚ ਡੀਏਵੀ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਰਾਣੀ ,ਗਾਂਧੀ ਸਕੂਲ ਦੇ ਪ੍ਰਿੰਸੀਪਲ ਬਾਂਸਲ, ਰਘੂਨਾਥ ਸਹਾਏ ਗਲੋਬਲ ਸਮਾਰਟ ਸਕੂਲ ਦੇ ਪ੍ਰਿੰਸੀਪਲ ਵਿਕਾਸ ਗਰਗ, ਮਨਿੰਦਰ ਕੌਰ, ਖਾਲਸਾ ਸਕੂਲ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਅਤੇ ਹਰਜੀਤ ਕੌਰ ਤੋਂ ਇਲਾਵਾ ਰੂਪਨਗਰ ਇਕਾਈ ਆਗੂ ਹਰਨੇਕ ਚੱਕ ਕਰਮਾਂ, ਅਜੇ ਕੁਮਾਰ, ਨਾਇਬ ਸਿੰਘ ਪੰਜਕੋਹਾ, ਰਿਪਦੁਮਨ ਸਿੰਘ ਰੰਧਾਵਾ,ਦੌਲਤ ਸਿੰਘ, ਲੈਕਚਰਾਰ ਕਰਨੈਲ ਸਿੰਘ ਅਤੇ ਹੋਰ ਮੈਂਬਰਾਂ ਨੇ ਭਰਵਾਂ ਤੇ ਸ਼ਲਾਘਾਯੋਗ ਸਹਿਯੋਗ ਦਿੱਤਾ।