ਸਿਹਤ ਵਿਭਾਗ ’ਚ ਤਰਥੱਲੀ: ਬਾਦਾਮਾਂ ਵਾਲਾ ਦੁੱਧ ਪੀਣ ਨਾਲ ਵੱਡੀ ਗਿਣਤੀ ’ਚ ਲੋਕ ਬਿਮਾਰ, ‘ਆਪ’ ਆਗੂ ਵੀ ਸ਼ਿਕਾਰ
ਪਿੰਡ ਅਵਾਨਕੋਟ ਉਪੱਰਲਾ ਦੇ ਸਰਪੰਚ ਸੀਤਾ ਰਾਮ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਲੰਗਰ ’ਚ ਪ੍ਰਸਿੱਧ ਕੰਪਨੀ ਦਾ ਪੈਕਟਾਂ ਵਾਲਾ ਦੁੱਧ ਭੇਟ ਕੀਤਾ ਸੀ ਅਤੇ ਉਸ ਦੁੱਧ ਨੂੰ ਹੀ ਸੇਵਾਦਾਰਾਂ ਨੇ ਬਰਫ ਪਾ ਕੇ ਠੰਡਾ ਕਰਨ ਉਪਰੰਤ ਬਾਦਾਮ ਅਤੇ ਹੋਰ ਸੁੱਕੇ ਮੇਵੇ ਪਾ ਕੇ ਸੰਗਤ ਨੂੰ ਵਰਤਾ ਦਿੱਤਾ।
Publish Date: Sun, 23 Aug 2026 04:50 PM (IST)
Updated Date: Sun, 23 Aug 2026 04:54 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ। ਵੀਰਵਾਰ ਦੇਰ ਸ਼ਾਮ ਬਾਦਾਮਾਂ ਵਾਲਾ ਦੁੱਧ ਪੀਣ ਕਾਰਨ ਬਿਮਾਰ ਹੋਏ ਪਿੰਡ ਅਵਾਨਕੋਟ ਦੇ ਮਰੀਜ਼ਾਂ ਦੀ ਗਿਣਤੀ 36 ਤੱਕ ਪੁੱਜ ਗਈ ਹੈ। ਹਸਪਤਾਲ ’ਚ ਦਾਖਲ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੀਰਵਾਰ ਸ਼ਾਮ ਨੂੰ ਪਿੰਡ ਅਵਾਨਕੋਟ ਉੱਪਰਲਾ ਤੇ ਪਿੰਡ ਅਵਾਨਕੋਟ ਹੇਠਲਾ ਦੇ ਵਸਨੀਕਾਂ ਵੱਲੋਂ ਭਾਖੜਾ ਨਹਿਰ ਦੇ ਕੰਢੇ ਯਾਦਗਾਰੀ ਗੁੰਬਦ ਕੋਲ ਮਾਤਾ ਨੈਣਾਂ ਦੇਵੀ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਲਗਾਏ ਲੰਗਰ ’ਚ ਬਾਦਾਮਾਂ ਵਾਲਾ ਦੁੱਧ ਛਕਿਆ ਸੀ, ਜਿਸ ਉਪਰੰਤ ਉਨ੍ਹਾਂ ਨੂੰ ਪੇਟ ਦਰਦ, ਉਲਟੀਆਂ ਤੇ ਦਸਤਾਂ ਦੀ ਸ਼ਿਕਾਇਤ ਹੋਣ ਲੱਗ ਪਈ।
ਪਿੰਡ ਅਵਾਨਕੋਟ ਉਪੱਰਲਾ ਦੇ ਸਰਪੰਚ ਸੀਤਾ ਰਾਮ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਲੰਗਰ ’ਚ ਪ੍ਰਸਿੱਧ ਕੰਪਨੀ ਦਾ ਪੈਕਟਾਂ ਵਾਲਾ ਦੁੱਧ ਭੇਟ ਕੀਤਾ ਸੀ ਅਤੇ ਉਸ ਦੁੱਧ ਨੂੰ ਹੀ ਸੇਵਾਦਾਰਾਂ ਨੇ ਬਰਫ ਪਾ ਕੇ ਠੰਡਾ ਕਰਨ ਉਪਰੰਤ ਬਾਦਾਮ ਅਤੇ ਹੋਰ ਸੁੱਕੇ ਮੇਵੇ ਪਾ ਕੇ ਸੰਗਤ ਨੂੰ ਵਰਤਾ ਦਿੱਤਾ।
ਉਨ੍ਹਾਂ ਦੱਸਿਆ ਕਿ ਉਸ ਵੇਲੇ ਬਾਹਰੀ ਲੋਕ ਘੱਟ ਸਨ ਅਤੇ ਦੁੱਧ ਛਕਣ ਵਾਲਿਆਂ ’ਚ ਜ਼ਿਆਦਾ ਗਿਣਤੀ ਅਵਾਨਕੋਟ ਹੇਠਲਾ ਦੇ ਵਸਨੀਕਾਂ ਦੀ ਸੀ। ਉੱਧਰ ਅੱਜ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸੀ.ਐਚ.ਸੀ. ਭਰਤਗੜ੍ਹ ਵਿਖੇ ਪੁੱਜ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਅਵਾਨਕੋਟ ਵਿਖੇ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਤੇ ਪਿੰਡ ’ਚ ਸਪਰੇਅ ਦਾ ਛਿੜਕਾ ਕੀਤਾ ਗਿਆ।
ਉੱਧਰ ਹਸਪਤਾਲ ’ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬੀਤੇ ਦਿਨ ਤੱਕ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 24 ਸੀ ਅਤੇ ਸ਼ਾਮ ਤੱਕ ਇਹ ਗਿਣਤੀ 36 ਤ਼ੱਕ ਪੁੱਜ ਗਈ। ਸਿਵਲ ਸਰਜਨ ਡਾ. ਬੌਬੀ ਗੁਲਾਟੀ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਤੇ ਹੋਰ ਅਮਲੇ ਵੱਲੋਂ ਮਰੀਜ਼ਾਂ ਦਾ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਅੱਜ ਮਰੀਜ਼ਾਂ ਅਤੇ ਸੈਣੀ ਵੈਲਫੇਅਰ ਬੋਰਡ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ ਦਾ ਹਾਲ ਚਾਲ ਪੁੱਛਣ ਲਈ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿਕਰ ਸਿੰਘ ਡਾਢੀ ਸਾਥੀਆਂ ਸਮੇਤ ਭਰਤਗੜ ਹਸਪਤਾਲ ਪਹੁੰਚੇ ਅਤੇ ਮਰੀਜ਼ਾਂ ਨੂੰ ਹਰ ਸੰਭਵ ਸਰਕਾਰ ਵੱਲੋਂ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਰੀਜ਼ਾਂ ਨੂੰ ਵਧੀਆ ਤੋਂ ਵਧੀਆ ਇਲਾਜ ਮੁਹਈਆ ਕਰਵਾਇਆ ਜਾਵੇਗਾ। ਇਸ ਦੌਰਾਨ ਸਿਹਤ ਵਿਭਾਗ ਭਰਤਗੜ੍ਹ ਦੀ ਟੀਮ ਨੇ ਪਿੰਡ ਅਤੇ ਲੰਗਰ ਦਾ ਦੌਰਾ ਕੀਤਾ ਅਤੇ ਸੈਂਪਲ ਇਕੱਠੇ ਕਰਕੇ ਲੈਬੋਰਟਰੀ ਭੇਜੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਕਾਰਨਾਂ ਦਾ ਪਤਾ ਚੱਲ ਸਕੇਗਾ।
ਡਾਕਟਰਾਂ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਦੀ ਸਥਿਤੀ ਸਥਿਰ ਹੈ ਅਤੇ ਕੁਝ ਸਮਾਂ ਨਿਗਰਾਨੀ ’ਚ ਰੱਖਣ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਰੈਫਰ ਕਰ ਦਿੱਤਾ ਜਾਵੇਗਾ।