ਲੀਡ : ਗੁ: ਸ੍ਰੀ ਭੱਠਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ਼ ’ਚ ਰਵਾਨਾਂ ਹੋਇਆ ਮੀਰੀ ਪੀਰੀ ਖ਼ਾਲਸਾ ਮਾਰਚ ਗੁ: ਸ੍ਰੀ ਭੱਠਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ਼ ਵਿਚ ਰਵਾਨਾਂ ਹੋਇਆ ਮੀਰੀ ਪੀਰੀ ਖਾਲਸਾ ਮਾਰਚ
Publish Date: Fri, 04 Sep 2026 04:26 PM (IST)
Updated Date: Fri, 04 Sep 2026 04:28 PM (IST)
ਲਖਵੀਰ ਖਾਬੜਾ,ਪੰਜਾਬੀ ਜਾਗਰਣ, ਰੂਪਨਗਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੂਪਨਗਰ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖ਼ਾਲਸਾ ਮਾਰਚ ਵੱਡੀ ਗਿਣਤੀ ਸੰਗਤਾਂ ਦੀ ਹਾਜ਼ਰੀ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ਼ ਨਾਲ ਅਗਲੇ ਪੜਾਅ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਵੱਲੋਂ ਰਵਾਨਾ ਕੀਤਾ ਗਿਆ। ਇਸ ਤੋਂ ਪਹਿਲਾਂ ਐੱਨਸੀਸੀ ਅਕੈਡਮੀ ਦੇ ਕੈਡਿਟਾ ਨੇ ਸਲਾਮੀ ਦਿੱਤੀ ਗਈ ਤੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਵਿਚ ਸੰਗਤਾਂ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ, ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕੀਤਾ ਤੇ ਧਾਰਮਿਕ ਸਖਸ਼ੀਅਤਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾਂ, ਐਗਜ਼ੀਕਿਊਟਿਵ ਮੈਂਬਰ ਹਰਜਿੰਦਰ ਕੌਰ ਚੰਡੀਗੜ੍ਹ, ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਚਰਨਜੀਤ ਸਿੰਘ ਕਾਲੇਵਾਲ, ਅਜਮੇਰ ਸਿੰਘ ਖੇੜਾ, ਮੈਨੇਜ਼ਰ ਜਸਵੀਰ ਸਿੰਘ ਘੁੰਗਰਾਲੀ ਸਿੱਖਾਂ, ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਜਸਬੀਰ ਸਿੰਘ, ਸਾਬਕਾ ਕੌਂਸਲਰ ਗੁਰਮੱਖ ਸਿੰਘ ਸੈਣੀ, ਕੌਸਲਰ ਸੁਖਵਿੰਦਰ ਸਿੰਘ ਪਟਵਾਰੀ, ਮੋਹਣ ਸਿੰਘ ਮੁਹੰਮਦੀਪੁਰ, ਅਕਾਲੀ ਆਗੂ ਮਨਜੀਤ ਸਿੰਘ ਤੰਬੜ ਆਦਿ ਹਾਜ਼ਰ ਸਨ। ਮਾਰਚ ਦੇ ਜਾਣ ਵਾਲੇ ਸਾਰੇ ਰਸਤੇ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪਾਲਕੀ ਸਾਹਿਬ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾਇਆ। ਖ਼ਾਲਸਾ ਮਾਰਚ ਦੌਰਾਨ ਦੇਖਿਆ ਗਿਆ ਕਿ ਜਿਹੜੇ ਬੱਚੇ ਸਿੱਖੀ ਸਵਰੂਪ ਵਿਚ ਸਜੇ ਸਨ ਉਨ੍ਹਾਂ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਕੋਲ ਬੁਲਾ ਕੇ ਸਿਰੋਪੇ ਭੇਟ ਕੀਤੇ ਤੇ ਉਨ੍ਹਾਂ ਨੂੰ ਬਾਣੀ ਪੜ੍ਹਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਤਿਤਪੁਣੇ ਦਾ ਸ਼ਿਕਾਰ ਹੋ ਰਹੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵੱਲ ਤੁਰੀਏ। =============== ਬਾਕਸ- ਖਾਲਸਾ ਮਾਰਚ ਦੇ ਰਿਹਾ ਹੈ ਨੌਜਵਾਨਾਂ ਨੂੰ ਸਹੀ ਸੇਧ : ਢੇਰ ਸੀਨੀਅਰ ਕਾਂਗਰਸੀ ਆਗੂ ਤੇ ਐਡਵੋਕੇਟ ਜੇਪੀਐੱਸ ਢੇਰ ਨੇ ਕਿਹਾਕਿ ਮੀਰੀ ਪੀਰੀ ਖ਼ਾਲਸਾ ਮਾਰਚ ਵਿਚ ਸੰਗਤਾਂ ਦੇ ਸੈਲਾਬ ਨੂੰ ਵੇਖ ਕਿ ਇੰਝ ਲੱਗ ਰਿਹਾ ਹੈ ਕਿ ਜਿਵੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਨਾਲ ਚੱਲ ਰਹੇ ਹੋਣ। ਉਨ੍ਹਾਂ ਕਿਹਾਕਿ ਸਮਾਜਿਕ ਬੁਰਾਈਆਂ ਨੇ ਸਾਡੇ ਸਮਾਜ ਨੂੰ ਏਨਾਂ ਘੇਰ ਲਿਆ ਭਾਂਵੇ ਉਹ ਕੋਈ ਵੀ ਧਰਮ ਵਿਚ ਹੋਵੇ, ਸਮਾਜ ਲਈ ਚਿੰਤਾਂ ਦਾ ਵਿਸ਼ਾ ਹੈ, ਅਜਿਹੇ ਸਮੇਂ ਵਿਚ ਖਾਸਕਰ ਨੌਜਵਾਨ ਪੀੜ੍ਹੀ ਜਿਸ ਨੇ ਸਾਡੀ ਵਿਰਾਸਤ ਨੂੰ ਸਾਂਭਣਾ ਹੈ ਨੂੰ ਸਹੀ ਦਿਸ਼ਾ ਤੇ ਦਸ਼ਾ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਸ ਮਾਰਚ ਰਾਂਹੀ ਚੰਗਾ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਕਿਹਾਕਿ ਸਾਡੇ ਗੁਰੂ ਸਾਹਿਬਾਨ ਨੇ ਜ਼ਬਰ ਜੁ਼ਲਮ ਖਿਲਾਫ਼ ਆਪਣੇ ਪਰਿਵਾਰ ਵਾਰ ਕੇ ਸਿੱਖੀ ਦੇ ਬੁਟੇ ਨੂੰ ਮਜ਼ਬੂਤ ਕੀਤਾ ਹੈ।