ਕੀਰਤਪੁਰ ਸਾਹਿਬ-ਮਨਾਲੀ ਮਾਰਗ 'ਤੇ ਵੱਡਾ ਸਫ਼ਰ ਹੋਇਆ ਆਸਾਨ, ਤਿੰਨ ਟੋਲ ਪਲਾਜ਼ੇ ਹੋਏ ਬੈਰੀਅਰ ਮੁਕਤ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਚਾਰ ਮਾਰਗੀ ਸੜਕ ’ਤੇ ਸਫਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਟੋਲ ਪਲਾਜ਼ਿਆਂ ’ਤੇ ਲੱਗਣ ਵਾਲੀਆਂ ਲੰਮੀਆਂ ਕਤਾਰਾਂ ਤੋਂ ਜਲਦ ਰਾਹਤ ਮਿਲ ਸਕਦੀ ਹੈ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੇ ਇਸ ਮਾਰਗ ’ਤੇ ਸਥਿਤ ਤਿੰਨ ਟੋਲ ਪਲਾਜ਼ਿਆਂ ਨੂੰ ਬੈਰੀਅਰ ਮੁਕਤ ਕਰਨ ਸਬੰਧੀ ਦਸਤਾਵੇਜ਼ ਤਿਆਰ ਕਰਕੇ ਅੰਤਿਮ ਪ੍ਰਵਾਨਗੀ ਲਈ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੂੰ ਭੇਜ ਦਿੱਤੇ ਹਨ।
Publish Date: Tue, 25 Aug 2026 10:16 AM (IST)
Updated Date: Tue, 25 Aug 2026 10:18 AM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਚਾਰ ਮਾਰਗੀ ਸੜਕ ’ਤੇ ਸਫਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਟੋਲ ਪਲਾਜ਼ਿਆਂ ’ਤੇ ਲੱਗਣ ਵਾਲੀਆਂ ਲੰਮੀਆਂ ਕਤਾਰਾਂ ਤੋਂ ਜਲਦ ਰਾਹਤ ਮਿਲ ਸਕਦੀ ਹੈ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੇ ਇਸ ਮਾਰਗ ’ਤੇ ਸਥਿਤ ਤਿੰਨ ਟੋਲ ਪਲਾਜ਼ਿਆਂ ਨੂੰ ਬੈਰੀਅਰ ਮੁਕਤ ਕਰਨ ਸਬੰਧੀ ਦਸਤਾਵੇਜ਼ ਤਿਆਰ ਕਰਕੇ ਅੰਤਿਮ ਪ੍ਰਵਾਨਗੀ ਲਈ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੂੰ ਭੇਜ ਦਿੱਤੇ ਹਨ।
ਇਨ੍ਹਾਂ ਵਿੱਚ ਸ੍ਰੀ ਕੀਰਤਪੁਰ ਸਾਹਿਬ ਨੇੜੇ ਗਰਾਂ ਮੋੜਾ, ਟਕੋਲੀ ਅਤੇ ਡੋਹਲੂਨਾਲਾ ਟੋਲ ਪਲਾਜ਼ੇ ਸ਼ਾਮਲ ਹਨ। ਪ੍ਰਾਜੈਕਟ ਲਾਗੂ ਹੋਣ ਤੋਂ ਬਾਅਦ ਟੋਲ ਵਸੂਲੀ ਲਈ ਸੜਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਪ੍ਰਣਾਲੀ (ਏਐੱਨਪੀਆਰ) ਰਾਹੀਂ ਲੰਘਣ ਵਾਲੇ ਵਾਹਨਾਂ ਦੀ ਪਛਾਣ ਹੋਵੇਗੀ। ਇਸ ਤੋਂ ਬਾਅਦ ਫਾਸਟੈਗ ਜਾਂ ਬੈਂਕ ਖਾਤੇ ਵਿੱਚੋਂ ਟੋਲ ਦੀ ਰਕਮ ਆਪਣੇ ਆਪ ਕੱਟ ਜਾਵੇਗੀ। ਇਸ ਨਾਲ ਵਾਹਨਾਂ ਨੂੰ ਟੋਲ ’ਤੇ ਰੁਕਣ ਦੀ ਲੋੜ ਨਹੀਂ ਪਵੇਗੀ ਅਤੇ ਸਮੇਂ ਤੇ ਈਂਧਨ ਦੀ ਬੱਚਤ ਹੋਵੇਗੀ।
2025 ਵਿੱਚ ਹਿਮਾਚਲ ਪ੍ਰਦੇਸ਼ ’ਚ ਆਈ ਕੁਦਰਤੀ ਆਫ਼ਤ ਤੋਂ ਬਾਅਦ ਟਕੋਲੀ ਅਤੇ ਡੋਹਲੂਨਾਲਾ ਟੋਲ ਪਲਾਜ਼ਿਆਂ ’ਤੇ ਵਸੂਲੀ ਬੰਦ ਕਰ ਦਿੱਤੀ ਗਈ ਸੀ, ਜਦਕਿ ਗਰਾਂ ਮੋੜਾ ਅਤੇ ਹਿਮਾਚਲ ਐਂਟਰੀ ’ਤੇ ਵਸੂਲੀ ਜਾਰੀ ਰਹੀ। ਨਵੀਂ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਟੋਲ ਪਲਾਜ਼ਿਆਂ ’ਤੇ ਵਸੂਲੀ ਮੁੜ ਸ਼ੁਰੂ ਹੋ ਜਾਵੇਗੀ। ਇਸ ਪ੍ਰਣਾਲੀ ਨਾਲ ਖਾਸ ਕਰਕੇ ਸੈਲਾਨੀ ਸੀਜ਼ਨ ਦੌਰਾਨ ਟੋਲ ਪਲਾਜ਼ਿਆਂ ’ਤੇ ਲੱਗਣ ਵਾਲੇ ਜਾਮ ਤੋਂ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ ਪੰਜਾਬ-ਹਿਮਾਚਲ ਸਰਹੱਦ ’ਤੇ ਲੱਗਣ ਵਾਲੇ ਐਂਟਰੀ ਟੈਕਸ ਦੀ ਪਰਚੀ ਪ੍ਰਣਾਲੀ ਪਹਿਲਾਂ ਵਾਂਗ ਜਾਰੀ ਰਹੇਗੀ।
ਮੰਡੀ-ਕੁੱਲੂ ਵਿਚਾਲੇ ਸੁਰੰਗਾਂ ਦਾ ਕੰਮ ਅੰਤਿਮ ਪੜਾਅ ’ਚ ਫੋਰਲੇਨ ਪ੍ਰਾਜੈਕਟ ਤਹਿਤ ਮੰਡੀ ਅਤੇ ਕੁੱਲੂ ਵਿਚਾਲੇ ਬਣ ਰਹੀਆਂ ਸੁਰੰਗਾਂ ਦਾ ਕੰਮ ਵੀ ਅੰਤਿਮ ਪੜਾਅ ’ਚ ਪਹੁੰਚ ਗਿਆ ਹੈ। ਮੰਡੀ ਦੇ ਡਿਓਡ ਅਤੇ ਹਨੌਗੀ ਇਲਾਕੇ ’ਚ ਬਣ ਰਹੀਆਂ ਸੁਰੰਗਾਂ ਨੂੰ 15 ਸਤੰਬਰ ਤੋਂ ਬਾਅਦ ਆਵਾਜਾਈ ਲਈ ਖੋਲ੍ਹਣ ਦੀ ਤਿਆਰੀ ਹੈ। ਡਿਓਡ ’ਚ ਢਾਈ-ਢਾਈ ਕਿਲੋਮੀਟਰ ਲੰਬੀਆਂ ਦੋ ਸੁਰੰਗਾਂ ਤਿਆਰ ਹੋ ਚੁੱਕੀਆਂ ਹਨ, ਜਦਕਿ ਹਨੌਗੀ ਸੁਰੰਗ ਦੀ ਮੁਰੰਮਤ ਦਾ ਕੰਮ ਵੀ ਅੰਤਿਮ ਪੜਾਅ ’ਚ ਹੈ। ਇਨ੍ਹਾਂ ਦੇ ਚਾਲੂ ਹੋਣ ਨਾਲ ਸਫ਼ਰ ਦਾ ਸਮਾਂ ਘਟਣ ਦੇ ਨਾਲ ਜਾਮ ਤੋਂ ਵੀ ਰਾਹਤ ਮਿਲੇਗੀ।