ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਾਂਗੇ : ਢੰਗਰਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਹਮਾਇਤ ਨਹੀਂ ਕੀਤੀ ਜਾਵੇਗੀ : ਸਵਰਨ ਸਿੰਘ ਢੰਗਰਾਲੀ
Publish Date: Sat, 28 Nov 2026 03:15 PM (IST)
Updated Date: Sat, 28 Nov 2026 03:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੌਰਿੰਡਾ : ਕਿਸਾਨ ਮਜ਼ਦੂਰ ਮੋਰਚੇ ਵੱਲੋਂ 7 ਦਸੰਬਰ ਤੋਂ ਚੰਡੀਗੜ੍ਹ ’ਚ ਪੱਕਾ ਕਿਸਾਨ ਮੋਰਚਾ ਲਗਾਇਆ ਜਾ ਰਿਹਾ ਹੈ। ਇਸ ਮੋਰਚੇ ’ਚ ਸਮੂਲੀਅਤ ਕਰਨ ਦੇ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਬੂਰਮਾਜਰਾ ਦੀ ਮੀਟਿੰਗ ਪਿੰਡ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਕੰਗ,ਬਲਾਕ ਪ੍ਰਧਾਨ ਮੋਰਿੰਡਾ ਤੇ ਸੁਖਵਿੰਦਰ ਸਿੰਘ ਬੂਰ ਮਾਜਰਾ ਜਨਲ ਸਕੱਤਰ ਨੇ ਦੱਸਿਆ ਇਸ ਪੱਕੇ ਮੋਰਚੇ ’ਚ ਪਿੰਡ ਵਾਸੀਆਂ ਵੱਲੋਂ ਵੱਧ ਚੜ ਕੇ ਸਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲਾ ਪ੍ਰਧਾਨ ਸਵਰਨ ਸਿੰਘ ਢੰਗਰਾਲੀ ਨੇ ਵਿਸ਼ੇਸ਼ ਤੌਰ ’ਤੇ ਸੰਬੋਧਿਤ ਕੀਤਾ। ਜਿਨਾਂ ਨੇ ਮੋਰਚੇ ਦੀਆਂ ਮੁੱਖ ਮੰਗਾਂ ਬਾਰੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨਾਲ 24 ਸਤੰਬਰ ਨੂੰ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਹੋਈ ਸੀ ਜਿਸ ’ਚ ਕਿਸਾਨ ਮਜ਼ਦੂਰ ਅੰਦੋਲਨ ਦੇ ਸ਼ਹੀਦ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਤੇ ਇੱਕ ਨੌਕਰੀ ਦੇਣ, ਅੰਦੋਲਨ ਦੌਰਾਨ ਦਰਜ ਸਾਰੇ ਪੁਲਿਸ ਕੇਸ ਰੱਦ ਕਰਨ, ਸ਼ੰਭੂ ਖਨੌਰੀ ਬਾਰਡਰ ਦੇ ਮੋਰਚੇ ਦਾ ਪੌਣੇ ਚਾਰ ਕਰੋੜ ਰੁਪਏ ਦੇ ਲੁੱਟੇ ਸਮਾਨ ਦੀ ਪ੍ਰਤੀ ਪੂਰਤੀ ਕਰਨ, ਪੰਜਾਬ ਦੇ ਪਾਣੀ ਦੀ ਲੁੱਟ ਸਬੰਧੀ 78-79-80 ਧਾਰਾ, ਭਾਰਤ ਅਮਰੀਕਾ ਕਰ ਮੁਕਤ ਵਪਾਰਕ ਸਮਝੌਤੇ, ਬੀਜ ਐਕਟ ਤੇ ਬਿਜਲੀ ਸੋਧ ਐਕਟ 2025 ਰੱਦ ਕਰਨ ਲਈ ਕੇਂਦਰ ਸਰਕਾਰ ਨੂੰ ਵਿਧਾਨ ਸਭਾ ’ਚ ਮਤੇ ਪਾਸ ਕਰਵਾ ਕੇ ਭੇਜਣ, ਆਦਿ ਮੰਗਾਂ ’ਤੇ ਸਹਿਮਤੀ ਹੋਈ ਸੀ। ਉਨ੍ਹਾਂ ਨੂੰ 15 ਅਕਤੂਬਰ ਤੱਕ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ। ਇਨ੍ਹਾਂ ਉਕਤ ਮੰਗਾਂ ਲਈ ਤੇ ਇਸ ਤੋਂ ਇਲਾਵਾ ਐਮਐਸਪੀ ਗਰੰਟੀ ਕਾਨੂੰਨ, ਕਿਸਾਨ ਮਜ਼ਦੂਰਾਂ ਦੀ ਕਰਜਾ ਮੁਆਫੀ ਤੇ ਹੋਰ ਲਟਕਦੀਆਂ ਦੀਆਂ ਮੰਗਾਂ ਬਾਰੇ ਇਹ ਮੋਰਚਾ ਲਗਾਇਆ ਜਾ ਰਿਹਾ ਹੈ। ਮੀਟਿੰਗ ’ਚ ਇਹ ਮਤਾ ਪਾਸ ਕੀਤਾ ਗਿਆ ਕਿ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਜਥੇਬੰਦੀ ਦਾ ਕੋਈ ਵੀ ਅਹੁਦੇਦਾਰ ਜਾ ਮੈਂਬਰ ਜਥੇਬੰਦੀ ਦਾ ਝੰਡਾ ਲੈ ਕੇ ਤੇ ਬੈਂਚ ਲਗਾਕੇ ਕਿਸੇ ਰਾਜਨੀਤਕ ਪਾਰਟੀ ਦੀ ਕਾਨਫਰੰਸ ਜਾਂ ਰੈਲੀ ’ਚ ਸ਼ਮੂਲੀਅਤ ਨਹੀਂ ਕਰੇਗਾ ਕਿਉਂਕਿ ਜਥੇਬੰਦੀ ਨਿਰੋਲ ਕਿਸਾਨ ਮਜ਼ਦੂਰਾਂ ਦੇ ਹੱਕ ’ਚ ਲੜਨ ਤੇ ਖੜਨ ਵਾਲੀ ਹੈ ਤੇ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਮੀਟਿੰਗ ’ਚ ਫੈਸਲਾ ਲਿਆ ਗਿਆ ਹੈ ਕਿ ਬਲਾਕ ਦੇ ਵੱਖ ਵੱਖ ਪਿੰਡਾਂ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਇਕਾਈਆਂ ਨਾਲ ਅਗਲੇ ਦਿਨਾਂ ’ਚ ਮੀਟਿੰਗ ਕੀਤੀ ਜਾਵੇਗੀ। ਚੰਡੀਗੜ੍ਹ ਮੋਰਚੇ ’ਚ ਪਿੰਡਾਂ ਦੇ ਲੋਕਾਂ ਦੀ ਸ਼ਮੂਲੀਅਤ ਨੂੰ ਤਰਤੀਬ ਦਿੱਤੀ ਜਾਵੇਗੀ। ਬਲਾਕ ਪ੍ਰਧਾਨ ਗੁਰਦੀਪ ਸਿੰਘ ਕੰਗ ਨੇ ਸਾਰੇ ਮੈਂਬਰਾਂ ਨੂੰ ਜੀ ਆਇਆ ਕਿਹਾ ਤੇ ਬਾਹਰੋਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਸਾਬਕਾ ਸਰਪੰਚ ਗੁਰਚਰਨ ਸਿੰਘ, ਗੁਰਨਾਮ ਸਿੰਘ, ਸਾਬਕਾ ਪੰਚ ਰਘਵੀਰ ਸਿੰਘ, ਧਰਮਪਾਲ ਸਿੰਘ, ਮਲਕੀਤ ਸਿੰਘ, ਸਾਬਕਾ ਪੰਚ ਬ੍ਰਿੰਧਨ ਸਿੰਘ, ਅਜੀਤ ਸਿੰਘ, ਰਣਯੋਧ ਸਿੰਘ, ਬਾਠ ਢੰਗਰਾਲੀ, ਅਮਰਜੀਤ ਸਿੰਘ ਸੋਹੀ ਨਥਮਲਪੁਰ ਆਦਿ ਨੇ ਮੀਟਿੰਗ ਦੇ ’ਚ ਸ਼ਿਰਕਤ ਕੀਤੀ।