ਕਾਮਯਾਬੀ ਦਾ ਮੁੱਖ ਮੰਤਰ ਹੈ ‘ਨਿਸਚੈ ਕਰ ਅਪਨੀ ਜੀਤ ਕਰੋਂ’ : ਭੱਕੂ ਮਾਜਰਾ ਕਾਮਯਾਬੀ ਦਾ ਮੁੱਖ ਮੰਤਰ ਹੈ ‘ਨਿਸਚੈ ਕਰ ਅਪਨੀ ਜੀਤ ਕਰੋਂ’ : ਸ਼ਮਿੰਦਰ ਸਿੰਘ ਭੱਕੂ ਮਾਜਰਾ
Publish Date: Fri, 30 Oct 2026 04:27 PM (IST)
Updated Date: Fri, 30 Oct 2026 04:28 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਸਲਾਬਤਪੁਰ ਵਿਖੇ ਕਰਵਾਏ ਗਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮਾਜ ਸੇਵੀ ਸ਼ਮਿੰਦਰ ਸਿੰਘ ਭੱਕੂ ਮਾਜਰਾ ਨੇ ਜਗਤਾਰ ਸਿੰਘ ਜੱਗਾ (ਦਿੱਲੀ) ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਕਾਪੀਆਂ ਭੇਟ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਸਿੱਖਿਆ ਅਤੇ ਖੇਡਾਂ ਦੇ ਨਾਲ-ਨਾਲ ਜ਼ਿੰਦਗੀ ਦੇ ਹਰ ਖੇਤਰ ਵਿਚ ਕਾਮਯਾਬੀ ਹਾਸਲ ਕਰਨ ਲਈ ਦ੍ਰਿੜ੍ਹ ਨਿਸ਼ਚੇ ਅਤੇ ਮਿਹਨਤ ਨੂੰ ਅਹਿਮ ਦੱਸਦਿਆਂ ‘ਨਿਸਚੈ ਕਰ ਅਪਨੀ ਜੀਤ ਕਰੋਂ’ ਦੇ ਸਿਧਾਂਤ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਜਾਬ ਸਕੂਲ ਖੇਡਾਂ ਵਿਚ ਜੇਤੂ ਰਹੇ ਸਕੂਲ ਦੇ ਖਿਡਾਰੀਆਂ ਦਿਲਖੁਸ਼, ਆਲੀਆ, ਰਜ਼ੀਆ ਅਤੇ ਨਾਜ਼ੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਮਿੰਦਰ ਸਿੰਘ ਭੱਕੂ ਮਾਜਰਾ ਨੇ ਕਿਹਾ ਕਿ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਸਾਧਨ ਮੁਹੱਈਆ ਕਰਵਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਅਜਿਹੇ ਉਪਰਾਲੇ ਬੱਚਿਆਂ ਅੰਦਰ ਅੱਗੇ ਵਧਣ ਅਤੇ ਆਪਣੇ ਟੀਚੇ ਪ੍ਰਾਪਤ ਕਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਸਕੂਲ ਇੰਚਾਰਜ ਹਰਿੰਦਰ ਸਿੰਘ ਅਤੇ ਅਧਿਆਪਕਾ ਜਸਬੀਰ ਕੌਰ ਦੀ ਅਗਵਾਈ ਹੇਠ ਕਰਵਾਏ। ਇਸ ਸਮਾਗਮ ਦੌਰਾਨ ਸਰਪੰਚ ਹਾਕਮ ਸਿੰਘ, ਪੰਚ ਅਤੇ ਨੰਬਰਦਾਰ ਅਮਰਜੀਤ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੁਝਾਰ ਸਿੰਘ, ਬੀਬਾ ਗੁਰਦੀਪ ਕੌਰ ਅਤੇ ਊਸ਼ਾ ਰਾਣੀ ਸਮੇਤ ਪਿੰਡ ਦੇ ਪਤਵੰਤੇ ਹਾਜ਼ਰ ਸਨ। ਸਕੂਲ ਇੰਚਾਰਜ ਹਰਿੰਦਰ ਸਿੰਘ ਨੇ ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਸਰਪੰਚ ਹਾਕਮ ਸਿੰਘ ਨੇ ਸ਼ਮਿੰਦਰ ਸਿੰਘ ਭੱਕੂ ਮਾਜਰਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ ਕੀਤੀ, ਜਦਕਿ ਜੁਝਾਰ ਸਿੰਘ ਨੇ ਸਮਾਗਮ ਦੇ ਅੰਤ ਵਿਚ ਸਭਨਾਂ ਦਾ ਧੰਨਵਾਦ ਕੀਤਾ।