ਵਿਧਾਨ ਸਭਾ ਸੈਸ਼ਨ ’ਚ ਸਰਕਾਰ ਫਰੰਟ ਵੱਲੋਂ ਦਿੱਤੇ ਗਏ ਡਰਾਫਟ ਨੂੰ ਐਕਟ ਦੇ ਰੂਪ ’ਚ ਪਾਸ ਕਰੇ : ਪ੍ਰਧਾਨ ਵਿਧਾਨ ਸਭਾ ਸੈਸ਼ਨ ਵਿਚ ਸਰਕਾਰ ਫਰੰਟ ਵੱਲੋਂ ਦਿੱਤੇ ਗਏ ਡਰਾਫਟ ਨੂੰ ਐਕਟ ਦੇ ਰੂਪ ਵਿਚ ਪਾਸ ਕਰੇ: ਪ੍ਰਧਾਨ
Publish Date: Wed, 14 Oct 2026 06:11 PM (IST)
Updated Date: Wed, 14 Oct 2026 06:12 PM (IST)
1158 ਫਰੰਟ ਵੱਲੋਂ ਭਰਤੀ ਬਹਾਲੀ ਲਈ ਐਕਟ ਪਾਸ ਕਰਨ ਦੀ ਮੰਗ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: 1158 ਅਸਿਸਟੈਂਟ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੇ ਪ੍ਰਧਾਨ ਪ੍ਰੋ. ਜਸਵਿੰਦਰ ਕੌਰ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਉਨ੍ਹਾਂ ਦੀ ਮੀਟਿੰਗ ’ਚ ਮੰਤਰੀ ਵੱਲੋਂ ਭਰਤੀ ਬਹਾਲ ਕਰਨ ਲਈ ਐਕਟ ਦਾ ਡਰਾਫਟ ਤਿਆਰ ਕਰਕੇ ਦੇਣ ਲਈ ਕਿਹਾ ਗਿਆ ਸੀ। ਫਰੰਟ ਵੱਲੋਂ ਡਰਾਫਟ ਸੌਂਪੇ ਜਾਣ ਦੇ ਬਾਵਜੂਦ ਸਰਕਾਰ ਹੁਣ ਨਵੀਂ ਭਰਤੀ ਦੀਆਂ ਗੱਲਾਂ ਕਰਕੇ ਲਾਅਰੇ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੇ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਅਨੁਸਾਰ ਇਸ ਭਰਤੀ ’ਚ ਚੁਣੇ ਗਏ 1158 ਉਮੀਦਵਾਰਾਂ ਦਾ ਕੋਈ ਕਸੂਰ ਨਹੀਂ ਹੈ, ਸਗੋਂ ਜੋ ਵੀ ਕਮੀਆਂ ਹਨ ਉਹ ਸਰਕਾਰ ਵੱਲੋਂ ਰਹੀਆਂ ਹਨ। ਸਰਕਾਰ ਨੂੰ ਆਪਣੀਆਂ ਇਨ੍ਹਾਂ ਕਮੀਆਂ ਨੂੰ ਐਕਟ ਰਾਹੀਂ ਪੂਰਾ ਕਰਕੇ ਭਰਤੀ ਬਹਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚੇਤੇ ਕਰਵਾਇਆ ਗਿਆ ਕਿ ਪਹਿਲਾਂ ਵੀ ਅਜਿਹੇ ਮਸਲਿਆਂ ’ਚ ਐਕਟ ਬਣੇ ਹਨ। ਉਨ੍ਹਾਂ ਕਿਹਾ ਕਿ 1999 ’ਚ ਪੰਜਾਬ ’ਚ ਅਧਿਆਪਕਾਂ ਦੀ ਰੱਦ ਹੋਈ ਭਰਤੀ ਅਤੇ 2001 ’ਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਸੁਪਰੀਮ ਕੋਰਟ ਵੱਲੋਂ ਰੱਦ ਕੀਤੀ ਭਰਤੀ ਨੂੰ ਸਰਕਾਰਾਂ ਨੇ ਐਕਟ ਬਣਾ ਕੇ ਬਹਾਲ ਕੀਤਾ ਸੀ। ਉਨ੍ਹਾਂ ਕਿਹਾ ਕਿ ਹਾਲ ਹੀ ’ਚ 2022 ਦੌਰਾਨ ਕਰਨਾਟਕ ਸਰਕਾਰ ਨੇ ਵੀ ਗਰੁੱਪ ਏ ਕਾਡਰ ਦੀ ਭਰਤੀ ਨੂੰ ਬਹਾਲ ਕਰਨ ਲਈ ਐਕਟ ਪਾਸ ਕੀਤਾ ਹੈ, ਇਸ ਲਈ 1158 ਭਰਤੀ ਲਈ ਵੀ ਐਕਟ ਬਣਾਇਆ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਫਰੰਟ ਦੀ ਲੁਧਿਆਣਾਂ ਵਿਖੇ ਹੋਈ ਮੀਟਿੰਗ ’ਚ ਫੈਸਲਾ ਲਿਆ ਗਿਆ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਐਤਵਾਰ, 18 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 21 ਤਰੀਕ ਨੂੰ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੀ ਬਲਵਿੰਦਰ ਕੌਰ ਦੀ ਬਰਸੀ ਮਨਾਈ ਜਾਵੇਗੀ। ਉਨ੍ਹਾਂ ਕਿਹਾਕਿ ਫਰੰਟ ਨੇ ਮੰਗ ਕੀਤੀ ਹੈ ਕਿ 22 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਵਿਧਾਨ ਸਭਾ ਸੈਸ਼ਨ ’ਚ ਸਰਕਾਰ ਉਨ੍ਹਾਂ ਵੱਲੋਂ ਦਿੱਤੇ ਗਏ ਡਰਾਫਟ ਨੂੰ ਐਕਟ ਦੇ ਰੂਪ ’ਚ ਪਾਸ ਕਰੇ। ਉਨ੍ਹਾਂ ਕਿਹਾਕਿ ਫਰੰਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਨ੍ਹਾਂ ਦੇ ਸਿੱਖਿਆ ਕ੍ਰਾਂਤੀ ਦੇ ਵਾਅਦੇ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਸਰਕਾਰ ਆਪਣੀ ਕਹਿਣੀ ਅਤੇ ਕਰਨੀ ਨੂੰ ਪੂਰਾ ਕਰੇ।