ਸਰਕਾਰ ਜਾਣ ਬੁੱਝ ਕੇ ਸਾਨੂੰ ਧਰਨਿਆਂ ਲਈ ਕਰ ਰਹੀ ਹੈ ਮਜਬੂਰ ਸਰਕਾਰ ਜਾਣ ਬੁੱਝ ਕੇ ਸਾਨੂੰ ਧਰਨਿਆਂ ਲਈ ਮਜਬੂਰ ਕਰ ਰਹੀ ਹੈ: ਆਗੂ
Publish Date: Thu, 12 Nov 2026 06:21 PM (IST)
Updated Date: Thu, 12 Nov 2026 06:24 PM (IST)
ਐੱਨਐੱਚਐੱਮ ਮੁਲਾਜ਼ਮਾਂ ਨੇ ਆਪਣੀਆ ਮੰਗਾਂ ਦੀ ਪੂਰਤੀ ਲਈ ਦਿੱਤਾ ਧਰਨਾ 17 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਮੁਲਾਜ਼ਮਾਂ ਨੂੰ ਸਾਰਥਕ ਨਤੀਜੇ ਨਿਕਲਣ ਦੀ ਆਸ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੇ ਵੀਰਵਾਰ ਨੂੰ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਿਵਲ ਸਰਜਨ ਦਫ਼ਤਰ ਸਾਹਮਣੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆਂ ਵੀਰਵਾਰ ਨੂੰ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਸੀ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਸ਼ੁਰੂ ਹੜਤਾਲ ਕਰ ਰਹੇ ਹਾਂ ਪਰ ਸਰਕਾਰ ਸਾਡੀਆ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਾਰ-ਵਾਰ ਮੀਟਿੰਗਾਂ ਕਰਕੇ ਸਾਡੇ ਯੂਨੀਅਨਾਂ ਆਗੂਆਂ ਨੂੰ ਭਰੋਸੇ ਦਿੰਦੀ ਆ ਰਹੀ ਪਰ ਅਜੇ ਤੱਕ ਕੋਈ ਵੀ ਮੰਗ ਦਾ ਲਿਖਤੀ ਰੂਪ ’ਚ ਹੱਲ ਨਹੀ ਹੋਇਆ। ਉਨ੍ਹਾਂ ਕਿਹਾ ਕਿ ਅਸੀ ਕੋਰੋਨਾਂ ਕਾਲ ’ਚ ਆਪਣੀਆ ਜਾਨਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਮਰੀਜ਼ ਦੀ ਦੇਖਭਾਲ ਕੀਤੀ ਪਰ ਸਿਹਤ ਸਿਹਤ ਵਿਭਾਗ ਦੇ ਮੰਤਰੀ ਤੇ ਅਘਿਕਾਰੀਆਂ ਸਾਡੇ ਕੀਤੇ ਕੰਮ ਦੀ ਕੋਈ ਕਦਰ ਨਹੀਂ ਪਾ ਰਹੇ ਸਗੋਂ ਸਾਨੂੰ ਧਰਨੇ ਦੇਣ ਲਈ ਮਜਬੂਰ ਕਰ ਰਹੇ ਹਨ ਜਦਕਿ ਅਸੀਂ ਨਹੀਂ ਚਾਹੁੰਦੇ ਕਿ ਮਰੀਜ ਜਾਂ ਦਫ਼ਤਰੀ ਕੰਮ ਸਾਡੇ ਕਰਕੇ ਪ੍ਰਭਾਵਿਤ ਹੋਣ। ਪਰ ਕੀ ਕਰੀਏਂ ਸਾਡੇ ਕੋਲ ਧਰਨਿਆਂ ਤੋਂ ਇਲਾਵਾਂ ਹੋਰ ਕੋਈ ਚਾਰਾ ਨਹੀ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਹੁਣ 17 ਨਵੰਬਰ ਨੂੰ ਮੁਲਾਜ਼ਮ ਭਲਾਈ ਕਮੇਟੀ ਦੀ ਹੋਣ ਵਾਲੀ ਅਹਿਮ ਮੀਟਿੰਗ ਤੋਂ ਸਮੂਹ ਐੱਨਐੱਚਐੱਮ. ਮੁਲਾਜ਼ਮਾਂ ਨੂੰ ਕਾਫ਼ੀ ਉਮੀਦਾਂ ਹਨ। ਮੁਲਾਜ਼ਮਾਂ ਨੂੰ ਆਸ ਹੈ ਕਿ ਇਸ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਕੋਈ ਸਾਰਥਕ ਤੇ ਸਥਾਈ ਹੱਲ ਕੱਢਿਆ ਜਾਵੇਗਾ। ਆਗੂਆ ਨੇ ਕਿਹਾਕਿ ਜੇਕਰ ਸਰਕਾਰ ਨੇ ਇਸ ਵਾਰ ਸਿਰਫ਼ ਭਰੋਸਿਆਂ ਤੱਕ ਸੀਮਤ ਰਹਿਣ ਦੀ ਬਜਾਏ ਮੁਲਾਜ਼ਮਾਂ ਦੇ ਹਿੱਤ ’ਚ ਠੋਸ ਫੈਸਲੇ ਲਵੇਗੀ ਤੇ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਮਾਂਬੱਧ ਕਾਰਵਾਈ ਕਰੇਗੀ ਨਹੀਂ ਤਾਂ ਮੁਲਾਜ਼ਮ ਆਪਣੇ ਆਗੂਆਂ ਦੇ ਸੱਦੇ ’ਤੇ ਅਗਲੇ ਤਿੱਖੇ ਸੰਘਰਸ਼ ਵੱਲ ਜਾਣ ਤੋਂ ਗੁਰੇਜ਼ ਨਹੀ ਕਰਨਗੇ। ਆਗੂਆਂ ਨੇ ਇਹ ਵੀ ਕਿਹਾ ਕਿ ਸਿਹਤ ਮੰਤਰੀ ਪੰਜਾਬ ਦੀ ਰਿਹਾਇਸ਼ ਮੂਹਰੇ ਪੱਕਾ ਧਰਨਾ ਲਗਾ ਕੇ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕਜੁੱਟ ਹਨ ਤੇ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ, ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਯੂਨੀਅਨ ਆਗੂ ਸੁਖਜੀਤ ਕੰਬੋਜ, ਮਨਜਿੰਦਰ ਸਿੰਘ, ਲਖਬੀਰ ਸਿੰਘ, ਰਜਿੰਦਰ ਸਿੰਘ, ਖੁਸ਼ਹਾਲ, ਕਿਰਨਦੀਪ ਕੌਰ, ਹਰਨੀਤ ਕੌਰ, ਸੁਖਵਿੰਦਰ ਕੌਰ, ਇੰਦਰਜੀਤ ਸਿੰਘ, ਜੋਤੀ, ਡਾਕਟਰ ਸ਼ਿਖਾ, ਡਾਕਟਰ ਰਿੰਪਲ, ਪਰਮਿੰਦਰ ਕੌਰ, ਅਮਰਜੀਤ ਸਿੰਘ, ਰਣਜੀਤ ਸਿੰਘ, ਮੰਜੂ ਤੇ ਵੱਡੀ ਗਿਣਤੀ ’ਚ ਐਨਐਚਐਮ ਮੁਲਾਜ਼ਮ ਹਾਜ਼ਰ ਸਨ।