5ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਪਿੰਡ ਘਨੋਲਾ ਵਿਖੇ ਪੰਜਵਾਂ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ
Publish Date: Sun, 25 Oct 2026 04:09 PM (IST)
Updated Date: Sun, 25 Oct 2026 04:10 PM (IST)
ਪੁਸ਼ਵਿੰਦਰ ਗੋਲੀਆ, ਪੰਜਾਬੀ ਜਾਗਰਣ, ਘਨੌਲੀ : ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਪਿੰਡ ਘਨੋਲਾ ਵੱਲੋਂ ਪੰਜਵਾਂ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉੱਘੇ ਧਾਰਮਿਕ ਕਲਾਕਾਰਾਂ ਗੌਤਮ ਜਲੰਧਰੀ ਅਤੇ ਅਭਿਸ਼ੇਕ ਸੋਨੀ ਨੇ ਆਪਣੀਆਂ ਭੇਟਾਂ ਰਾਹੀਂ ਮਾਂ ਭਗਵਤੀ ਦਾ ਗੁਣਗਾਨ ਕੀਤਾ ਅਤੇ ਹਾਜ਼ਰ ਸੰਗਤਾਂ ਨੂੰ ਭਗਤੀ ਰੰਗ ’ਚ ਰੰਗ ਦਿੱਤਾ। ਸਮਾਗਮ ਦੌਰਾਨ ਸੰਗਤਾਂ ਨੇ ਸ਼ਰਧਾਪੂਰਵਕ ਹਾਜ਼ਰੀ ਭਰ ਕੇ ਮਹਾਮਾਈ ਦਾ ਗੁਣਗਾਨ ਸਰਵਣ ਕੀਤਾ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ ਹਨ। ਅਜਿਹੇ ਸਮਾਗਮ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਦੇ ਨਾਲ-ਨਾਲ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਸੇਵਾ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਤਾ ਰਾਣੀ ਦੀ ਭਗਤੀ ਸਾਨੂੰ ਸੱਚਾਈ, ਨੇਕੀ ਅਤੇ ਦੂਜਿਆਂ ਦੀ ਮਦਦ ਕਰਨ ਦਾ ਰਾਹ ਦਿਖਾਉਂਦੀ ਹੈ। ਉਨ੍ਹਾਂ ਕਮੇਟੀ ਵੱਲੋਂ ਧਾਰਮਿਕ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਕਾਰਜਾਂ ’ਚ ਸਾਰਿਆਂ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਦਿਓਟ ਸਿੱਧ ਬਾਬਾ ਬਾਲਕ ਨਾਥ ਮੰਦਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਗੱਦੀਨਸ਼ੀਨ ਸ੍ਰੀ ਸ੍ਰੀ 1008 ਮਹੰਤ ਰਜਿੰਦਰ ਗਿਰੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਸੰਗਤਾਂ ਨੂੰ ਧਰਮ ਦੇ ਮਾਰਗ ’ਤੇ ਚੱਲਣ, ਨਾਮ ਸਿਮਰਨ ਕਰਨ ਅਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦੀ ਅਸਲ ਸਫਲਤਾ ਦੂਜਿਆਂ ਪ੍ਰਤੀ ਪਿਆਰ, ਨਿਮਰਤਾ ਅਤੇ ਸੇਵਾ ਦੀ ਭਾਵਨਾ ’ਚ ਹੈ। ਉਨ੍ਹਾਂ ਸੰਗਤਾਂ ਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਅਤੇ ਚੰਗੇ ਕਰਮ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਵਿਧਾਇਕ ਦਿਨੇਸ਼ ਚੱਢਾ ਦਾ ਸਨਮਾਨ ਵੀ ਕੀਤਾ ਗਿਆ। ਭਗਤੀਮਈ ਮਾਹੌਲ ’ਚ ਸੰਪੰਨ ਹੋਏ ਇਸ ਜਾਗਰਣ ਨੇ ਸੰਗਤਾਂ ’ਤੇ ਡੂੰਘੀ ਧਾਰਮਿਕ ਛਾਪ ਛੱਡੀ। ਸਮਾਗਮ ਨੂੰ ਸਫਲ ਬਣਾਉਣ ਵਿੱਚ ਕਮੇਟੀ ਚੇਅਰਮੈਨ ਡਾ, ਜਤਿੰਦਰ ਕੁਮਾਰ ਘਨੌਲਾ, ਮੁੱਖ ਸਲਾਹਕਾਰ ਗੁਰਮੀਤ ਸਿੰਘ, ਖਜ਼ਾਨਚੀ ਸਰਬਜੀਤ ਸਿੰਘ ਤੇ ਰਾਮ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।