ਰੂਪਨਗਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ ਦੁਸਹਿਰੇ ਦਾ ਤਿਉਹਾਰ ਰੂਪਨਗਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ
Publish Date: Tue, 20 Oct 2026 06:56 PM (IST)
Updated Date: Tue, 20 Oct 2026 06:57 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹੇ ’ਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਗਲਵਾਰ ਨੂੰ ਸਵੇਰ ਤੋਂ ਹੀ ਬਜ਼ਾਰਾਂ ’ਚ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਸੀ। ਇਸ ਮੌਕੇ ਲੋਕਾਂ ਨੇ ਜਿੱਥੇ ਵੱਡੀ ਗਿਣਤੀ ’ਚ ਖਰੀਦਦਾਰੀ ਕੀਤੀ। ਦੁਸਹਿਰੇ ਦੇ ਤਿਉਹਾਰ ਮੌਕੇ ਪੁਲਿਸ ਪ੍ਰਸ਼ਾਸਨ ਨੇ ਵੀ ਕਮਰ ਕੱਸੀ ਰੱਖੀ। ਜਗ੍ਹਾ ਜਗ੍ਹਾ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਆਪਣੀ ਪੈਨੀ ਨਜ਼ਰ ਬਣਾਈ ਹੋਈ ਸੀ। ਰੋਪੜ ਸ਼ਹਿਰ ’ਚ ਚਾਰ ਥਾਵਾਂ ਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ। ਰਾਮਲ੍ਹੀਲਾ ਮੈਦਾਨ ’ਚ ਸ੍ਰੀ ਸਨਾਤਨ ਧਰਮ ਰਾਮਲ੍ਹੀਲਾ ਕਮੇਟੀ ਵੱਲੋਂ ਰਾਮਲ੍ਹੀਲਾ ਦੇ ਅੰਤਿਮ ਦਿਨ ਭਗਵਾਨ ਸ੍ਰੀ ਰਾਮ ਵੱਲੋਂ ਰਾਵਣ ਵੱਦ ਦਾ ਮੰਚਨ ਬਾਖੂਬੀ ਢੰਗ ਨਾਲ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਅਰਵਿੰਦ ਮਿੱਤਲ ਪਹੁੰਚੇ ਅਤੇ ਸਾਬਕਾ ਕੈਬਨਿਟ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਤੇ ਅਰਵਿੰਦ ਮਿੱਤਲ ਤੇ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕਰਕੇ ਬੁਰਾਈ ਦਾ ਅੰਤ ਕੀਤਾ। ਇਸੇ ਤਰ੍ਹਾਂ ਗਿਆਨੀ ਜ਼ੈਲ ਸਿੰਘ ਨਗਰ ਰੋਪੜ ਵਿਖੇ ਸ੍ਰੀ ਜੈ ਜਗਦੰਬੇ ਰਾਮਲੀਲਾ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਈ ਜਾਂਦੀ ਰਾਮਲ੍ਹੀਲਾ ਦੌਰਾਨ ਅੱਜ ਵਿਜੈ ਦਸ਼ਮੀ ਵਾਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਸਪੀਕਰ ਪੰਜਾਬ ਰਾਣਾ ਕੇਪੀ ਸਿੰਘ ਪੁੱਜੇ, ਜਿਨ੍ਹਾਂ ਨੇ ਲੋਕਾਂ ਨੂੰ ਦਸਹਿਰੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅੰਦਰੋਂ ਬੁਰਾਈ ਖਤਮ ਕਰਕੇ ਸ੍ਰੀ ਰਾਮ ਜੀ ਦੇ ਦੱਸੇ ਰਸਤੇ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕੀਤੀ। ਇਸੇ ਤਰਾਂ ਰਾਮ ਲੀਲਾ ਕਮੇਟੀ ਪਾਵਰ ਕਾਲੌਨੀ ਦੇ ਸਰਪ੍ਰਸਤ ਤੇ ਸਾਬਕ ਨਗਰ ਕੌਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਰਾਵਣ,ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆ ਨੂੰ ਮੁੱਖ ਮਹਿਮਾਨ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਨੇ ਅਗਨੀ ਦਿਖਾਈ ਅਤੇ ਇਸ ਮੌਕੇ ਤੇ ਬੱਚਿਆ ਵੱਲੋਂ ਸਭਿਆਚਾਰਕ ਵੰਨਗੀਆ ਵੀ ਪੇਸ਼ ਕੀਤੀਆ ਗਈਆ। ਇਸੇ ਤਰ੍ਹਾਂ ਮਹਾਵੀਰ ਦਲ ਸ੍ਰੀ ਹਨੂੰਮਾਨ ਮੰਦਿਰ ਕਮੇਟੀ ਵੱਲੋਂ ਮਕਬਰੇ ਕੋਲ ਕਰਵਾਈ ਜਾਂਦੀ ਰਾਮਲ੍ਹੀਲਾ ਕਰਵਾਈ ਗਈ।