ਬਜ਼ੁਰਗਾਂ ਨੇ ਉਤਸ਼ਾਹ ਨਾਲ ਮਨਾਇਆ ਅੰਤਰ-ਰਾਸ਼ਟਰੀ ਦਿਲ ਦਿਵਸ ਬਜ਼ੁਰਗਾਂ ਨੇ ਉਤਸ਼ਾਹ ਨਾਲ ਮਨਾਇਆ ਅੰਤਰ-ਰਾਸ਼ਟਰੀ ਦਿਲ ਦਿਵਸ
Publish Date: Thu, 01 Oct 2026 05:26 PM (IST)
Updated Date: Thu, 01 Oct 2026 05:28 PM (IST)
ਜੋਲੀ ਸੂਦ, ਪੰਜਾਬੀ ਜਾਗਰਣ ਮੋਰਿੰਡਾ: ਸੀਨੀਅਰ ਸਿਟੀਜ਼ਨ ਕੌਂਸਲ ਮੋਰਿੰਡਾ ਵੱਲੋਂ ਸਥਾਨਕ ਖ਼ਾਲਸਾ ਗਰਲਜ ਕਾਲਜ ’ਚ ਅੰਤਰ-ਰਾਸ਼ਟਰੀ ਦਿਲ ਦਿਵਸ ਮਨਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਧਾਲੀਵਾਲ ਨੇ ਦੱਸਿਆਂ ਕਿ ਇਸ ਮੌਕੇ ਉਹ ਵਿਸ਼ੇਸ਼ ਤੌਰ ’ਤੇ ਪਹੁੰਚੇ। ਮਾਨਵਤਾ ਦੀ ਭਲਾਈ ਨੂੰ ਸਮਰਪਿਤ ਡਾਕਟਰ ਨਿਰਮਲ ਧੀਮਾਨ ਨੇ ਬਜ਼ੁਰਗਾਂ ਨੂੰ ਦਿਲ ਦੀਆਂ ਵੱਖ-ਵੱਖ ਕਿਰਿਆਵਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਲ ਦੇ ਸੱਜੇ ਪਾਸੇ ਦਾ ਕੰਮ ਵਰਤੇ ਹੋਏ ਖੂਨ ਨੂੰ ਇਕੱਠਾ ਕਰਨਾ ਅਤੇ ਉਸਨੂੰ ਸਾਫ਼ ਹੋਣ ਲਈ ਫੇਫੜਿਆਂ ਵਿੱਚ ਭੇਜਣਾ ਹੈ ਅਤੇ ਖੱਬੇ ਪਾਸੇ ਦਾ ਕੰਮ ਫੇਫੜਿਆਂ ਤੋਂ ਸਾਫ਼ ਖੂਨ ਪ੍ਰਾਪਤ ਕਰਨ ਉਪਰੰਤ ਸਰੀਰ ਦੇ ਵੱਖ-ਵੱਖ ਭਾਗਾਂ ਨੂੰ ਭੇਜਣਾ ਹੈ। ਉਨ੍ਹਾਂ ਦਿਲ ਨੁੰ ਸਿਹਤਮੰਦ ਰੱਖਣ ਲਈ ਖਾਣੇ ਵਿਚ ਨਮਕ, ਖੰਡ ਅਤੇ ਜ਼ਿਆਦਾ ਤਲੀਆਂ ਹੋਈਆਂ ਚੀਜਾਂ ਦੀ ਵਰਤੋਂ ਘਟਾਓ ਅਤੇ ਹਰੀਆਂ ਸਬਜ਼ੀਆਂ ਤੇ ਫਲਾਂ ਨੂੰ ਸ਼ਾਮਲ ਕਰੋ। ਉਨ੍ਹਾਂ ਕਿਹਾਕਿ ਦਿਨ ਵਿਚ ਘੱਟੋ-ਘੱਟ 30 ਮਿੰਟ ਸੈਰ, ਯੋਗ ਜਾਂ ਕੋਈ ਵੀ ਸਰੀਰਕ ਗਤੀਵਿਧੀ ਜ਼ਰੂਰ ਕਰੋ। ਮਾਨਸਿਕ ਤਣਾਅ ਘੱਟ ਕਰਨ ਲਈ ਚੰਗੀ ਨੀਂਦ ਲੈਣੀ ਅਤੇ ਮੈਡੀਟੇਸ਼ਨ ਕਰਨੀ ਫਾਇਦੇਮੰਦ ਰਹਿੰਦੀ ਹੈ ਤੇ ਨਸ਼ਿਆਂ ਤੋਂ ਪ੍ਰਹੇਜ਼ ਰੱਖਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੈਸਟ੍ਰੋਲ ਦੀ ਨਿਯਮਤ ਜਾਂਚ ਕਰਵਾਉਂਦੇ ਰਹੋ। ਛਾਤੀ ਵਿਚ ਦਰਦ, ਭਾਰਾਪਨ ਜਾਂ ਜਕੜਨ, ਠੰਡਾ ਪਸੀਨਾ ਆਉਣਾ, ਘਬਰਾਹਟ ਹੋਣਾ ਜਾਂ ਤੁਰਨ ਸਮੇਂ ਸਾਹ ਫੁੱਲਣਾ ਆਦਿ ਸੰਕੇਤ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਇਸ ਮੌਕੇ ਕੌਂਸਲ ਦੇ ਪ੍ਰਧਾਨ ਅਮਰਜੀਤ ਸਿੰਘ ਕੰਗ ਨੇ ਮੈਬਰਾਂ ਨੂੰ ਦੱਸਿਆ ਕਿ ਇਸ ਸਾਲ ਦਾ ਥੀਮ ਦਿਲ ਨੂੰ ਕਾਰਵਾਈ ਵਿਚ ਰੱਖੋ ਅਤੇ ਦਿਲ ਦੀ ਕਿਸੇ ਧੜਕਨ ਨੂੰ ਅਜਾਂਈ ਨਾਂ ਜਾਣ ਦੇਣਾ ਹੈ। ਕੌਂਸਲ ਦੇ ਕਾਨੂੰਨੀ ਸਲਾਹਕਾਰ ਕਰਨਲ ਮਲਕੀਤ ਸਿੰਘ ਨੇ ਆਏ ਮੈਂਬਰਾਂ ਅਤੇ ਮੁੱਖ ਮਹਿਮਾਨ ਡਾਕਟਰ ਨਿਰਮਲ ਧੀਮਾਨ ਦਾ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਇਸ ਉਪਰੰਤ ਸਤੰਬਰ ਮਹੀਨੇ ਵਿਚ ਜਨਮੇ ਮੈਬਰਾਂ ਨੂੰ ਤੌਹਫਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲ ਦੇ ਸਕੱਤਰ ਗੁਰਦੇਵ ਸਿੰਘ ਤੂਰ,ਉਪ ਪ੍ਰਧਾਨ ਪ੍ਰਮਾਤਮਾ ਸਿੰਘ ਢੀਂਡਸਾ, ਜਗਦੀਸ਼ ਕੁਮਾਰ ਵਰਮਾ, ਹਰਵਿੰਦਰ ਸਿੰਘ ਸਿੱਧੂ, ਰਿਟਾਇਰਡ ਇੰਨ: ਜਗਤਾਰ ਸਿੰਘ, ਸ਼ੇਰ ਸਿੰਘ ਸੰਧੂ ਅਤੇ ਦੂਜੇ ਮੈਂਬਰ ਹਾਜ਼ਰ ਸਨ।