ਮਿਸਤਰੀਆਂ, ਮਜ਼ਦੂਰਾਂ ਨੇ ਫੂਕੀ ਮੋਦੀ ਸਰਕਾਰ ਦੀ ਅਰਥੀ, ਕੀਤਾ ਰੋਸ ਪ੍ਰਦਰਸ਼ਨ ਸੰਵਿਧਾਨ ਲੋਕਾਂ ਨੂੰ ਜਬਰ ਖਿਲਾਫ ਆਵਾਜ਼ ਬੁਲੰਦ ਕਰਨ ਦੇ ਬੁਨਿਆਦੀ ਅਧਿਕਾਰ ਦਿੰਦਾ ਹੈ: ਆਗੂ
Publish Date: Mon, 12 Oct 2026 04:01 PM (IST)
Updated Date: Mon, 12 Oct 2026 04:02 PM (IST)
ਸੰਵਿਧਾਨ ਲੋਕਾਂ ਨੂੰ ਜਬਰ ਖਿਲਾਫ ਆਵਾਜ਼ ਬੁਲੰਦ ਕਰਨ ਦੇ ਬੁਨਿਆਦੀ ਅਧਿਕਾਰ ਦਿੰਦਾ ਹੈ : ਆਗੂ ਲੀਡ :ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਹੱਕ ਸੱਚ ਦੀ ਲੜਾਈ ਲੜ੍ਹ ਰਹੇ ਲੋਕਾਂ ਨੂੰ ਕੱਟਣਾ ਤੇ ਜ਼ੇਲਾਂ ’ਚ ਸੁੱਟਣਾ ਭਾਜਪਾ ਦੀ ਲੋਕ ਵਿਰੋਧੀ ਨੀਤੀ ਥੈਲੇ ’ਚੋਂ ਬਾਹਰ ਆ ਗਈ ਹੈ ਪ੍ਰੰਤੂ ਦੇਸ਼ ਦਾ ਵੋਟਰ ਹੁਣ ਜਾਗਰੂਕ ਹੈ ਕੇਂਦਰ ਸਰਕਾਰ ਦੀਆਂ ਮਨਮਾਨੀਆਂ ਦਾ ਸਮਾਂ ਲੰਘ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸ੍ਰੀ ਚਮਕੌਰ ਸਾਹਿਬ ਵਿਖੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਦੇ ਸੱਦੇ ’ਤੇ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਸਿਮਰੂ ਦੀ ਪ੍ਰਧਾਨਗੀ ਹੇਠ ਲੇਬਰ ਚੌਂਕ ਵਿਖੇ ਦਿੱਲੀ ਪੁਲਿਸ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ, ਪੱਤਰਕਾਰਾਂ ਬੁੱਧੀਜੀਵੀਆਂ, ਕਿਸਾਨਾਂ, ਨੌਜਵਾਨਾਂ ’ਤੇ ਜਬਰ ਕਰਕੇ ਥਾਣਿਆਂ ’ਚ ਡੱਕਣ ਵਿਰੁੱਧ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕਰਨ ਮੌਕੇ ਕੀਤਾ। ਇਸ ਮੌਕੇ ’ਤੇ ਯੂਨੀਅਨ ਦੇ ਜਰਨਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ, ਇਫਟੂ ਦੇ ਜ਼ਿਲ੍ਹਾ ਸਕੱਤਰ ਮੁਲਾਗਰ ਸਿੰਘ ਖਮਾਣੋ,ਪ੍ਰੈਸ ਸਕੱਤਰ ਸਤਵਿੰਦਰ ਸਿੰਘ ਨੀਟਾ, ਸੁਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਲੋਕਾਂ ਨੂੰ ਬੋਲਣ ਦੀ, ਵਿਚਾਰ ਪ੍ਰਗਟਾਵੇ ਦੀ ਅਤੇ ਹਰ ਕਿਸਮ ਦੇ ਜਬਰ ਖਿਲਾਫ਼ ਆਵਾਜ਼ ਬੁਲੰਦ ਕਰਨ ਦੇ ਬੁਨਿਆਦੀ ਅਧਿਕਾਰ ਦਿੰਦਾ ਹੈ, ਇਨਾਂ ਅਧਿਕਾਰਾਂ ਤਹਿਤ ਹੀ ਸਮੁੱਚੇ ਲੋਕ ਮੁਖ ਚੋਣ ਕਮਿਸ਼ਨ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ ,ਕਿਉਂਕਿ ਚੋਣ ਕਮਿਸ਼ਨ ਨੇ ਲੋਕਾਂ ਦਾ ਬੁਨਿਆਦੀ ਹੱਕ ਵੋਟ ਦੇ ਅਧਿਕਾਰ ਨੂੰ ਵੀ ਖਤਮ ਕਰਕੇ ਫਾਸ਼ੀਵਾਦੀ ਨੀਤੀਆਂ ਨੂੰ ਲਾਗੂ ਕਰਕੇ ਕਾਰਪੋਰੇਟਰਾਂ ਦਾ ਪੱਖ ਪੂਰਨ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਬੁਨਿਆਦੀ ਹੱਕ ਨੂੰ ਹਾਸਲ ਕਰਨ ਲਈ ਸੰਘਰਸ਼ਾਂ ਦੀ ਰਾਹ ’ਤੇ ਤੁਰ ਰਹੇ ਹਨ ਪ੍ਰੰਤੂ ਕੇਂਦਰ ਸਰਕਾਰ ਇਨ੍ਹਾਂ ’ਤੇ ਅੰਗਰੇਜ਼ਾਂ ਤੋਂ ਵੀ ਅੱਗੇ ਲੰਘ ਕੇ ਜਬਰ ਕਰ ਰਹੀ ਹੈ ਇਥੋਂ ਤੱਕ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਕਰਮੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਆਗੂਆਂ ਨੇ ਕਿਹਾ ਕਿ ਜਬਰ ਨਾਲ ਲੋਕਾ ਦੀ ਆਵਾਜ਼ ਨੂੰ ਨਹੀਂ ਦਬਾਇਆ ਨਹੀ ਜਾ ਸਕਦਾ,ਜਬਰ ਦੀ ਨੀਤੀ ਲਾਗੂ ਕਰਕੇ ਮੋਦੀ ਸਰਕਾਰ ਆਪਣੇ ਪਤਨ ਦੇ ਰਾਹ ਪੈ ਚੁੱਕੀ ਹੈ। ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿਰੋਧੀਆਂ ਨੂੰ ਕਮਜ਼ੋਰ ਕਰਨ ਲਈ ਮੁੱਖ ਚੋਣ ਕਮਿਸ਼ਨ ਰਾਹੀਂ ਕੋਝੇ ਹੱਥ ਕੰਡੇ ਅਪਣਾ ਰਹੀ ਹੈ, ਜਿਸ ਨਾਲ ਕਰੋੜਾਂ ਭਾਰਤੀਆਂ ਦਾ ਵੋਟ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਉਨਾਂ ਮੰਗ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੁਰੰਤ ਅਸਤੀਫਾ ਦੇਵੇ ਅਤੇ ਐਸਆਈਆਰ ਨੂੰ ਤੁਰੰਤ ਰੋਕਿਆ ਜਾਵੇ ਅਤੇ ਕੱਟੀਆਂ ਗਈਆਂ ਸਾਰੀਆਂ ਜਾਇਜ਼ ਵੋਟਾਂ ਬਹਾਲ ਕੀਤੀਆਂ ਜਾਣ। ਆਗੂਆ ਨੇ ਕਿਹਾ ਕਿ ਸਾਡੇ ਲੋਕਤੰਤਰ ਅਤੇ ਗਣਰਾਜ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਵੋਟ ਦਾ ਅਧਿਕਾਰ ਚੋਣਵੇਂ ਲੋਕਤੰਤਰ ਦੀ ਨੀਂਹ ਹੁੰਦਾ ਹੈ। ਇਹ ਕਾਰਵਾਈ ਭਵਿੱਖ ਦੇ ਸੀਈਸੀ ਲਈ ਵੀ ਮਿਸਾਲ ਬਣੇਗੀ ਕਿ ਉਹ ਸਰਕਾਰ ਪ੍ਰਤੀ ਨਹੀਂ, ਸਗੋਂ ਸੰਵਿਧਾਨ ਪ੍ਰਤੀ ਜਵਾਬਦੇਹ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੇਂਦਰ ’ਚ ਭਾਜਪਾ ਸੱਤਾਂ ’ਚ ਆਈ ਹੈ ਉਦੋਂ ਤੋਂ ਦੇਸ਼ ਦੇ ਸਵਿੰਧਾਨ ਨੂੰ ਖਤਰਾ ਪੈਦਾ ਹੋਇਆ ,ਭਾਜਪਾ ਨੇ ਸੱਤਾ ’ਚ ਰਹਿਣ ਦੇ ਸੁਪਨੇ ਵੇਖ ਕੇ ਦੇਸ਼ ਦੇ ਹਰੇਕ ਸੰਵਿਧਾਨਿਕ ਹੱਕ ਨਾਲ ਛੇੜਛਾੜ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਭਾਜਪਾ ਨੇ ਜੋ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ਕਿਉਂਕਿ ਕਿਸਾਨ ਨੇ ਆਪਣੀ ਹੋਂਦ ਬਚਾਉਣ ਲਈ ਭਾਜਪਾ ਨਾਲ ਵੱਡੀ ਲੜਾਈ ਲੜੀ ਤੇ ਕੁਰਬਾਨੀਆ ਦਿੱਤੀਆਂ ਜਿਸ ਨੂੰ ਭੁਲਿਆ ਨਹੀਂ ਜਾ ਸਕਦਾ। ਇਸ ਰੋਸ ਪ੍ਰਦਰਸ਼ਨ ’ਚ ਪ੍ਰਵਾਸੀ ਮਜ਼ਦੂਰ ਵੀ ਵੱਡੀ ਗਿਣਤੀ ’ਚ ਸ਼ਾਮਿਲ ਹੋਏ । ਇਸ ਮੌਕੇ ਅਜੈਬ ਸਿੰਘ ਸਮਾਣਾ, ਦਲਜੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ,ਗੁਲਾਬ ਚੰਦ ਚੌਹਾਨ , ਓਕਾਰ ਸਿੰਘ, ਜਸਵੀਰ ਸਿੰਘ ਜੱਸੀ, ਹਨੁਮਾਨ ਯਾਦਵ, ਗੁਰਮੇਲ ਸਿੰਘ, ਜੀਵਨ ਸਿੰਘ , ਕਮਲਜੀਤ ਸਿੰਘ, ਜਸਵੰਤ ਸਿੰਘ, ਕਸਤੂਰੀ ਲਾਲ ਬੇਲਾ ਆਦਿ ਹਾਜ਼ਰ ਸਨ।