ਕਾਂਗਰਸ ਪਾਰਟੀ ਨੇ ‘ਜਵਾਨੀ ਸਾਂਭ ਸਾਈਕਲ ਯਾਤਰਾ’ ਨੂੰ ਦਿਖਾਈ ਹਰੀ ਝੰਡੀ ਕਾਂਗਰਸ ਪਾਰਟੀ ਨੇ ਚਮਕੌਰ ਸਾਹਿਬ ਤੋਂ 'ਜਵਾਨੀ ਸਾਂਭ ਸਾਈਕਲ ਯਾਤਰਾ' ਨੂੰ ਹਰੀ ਝੰਡੀ ਦਿਖਾਈ
Publish Date: Thu, 12 Nov 2026 05:32 PM (IST)
Updated Date: Thu, 12 Nov 2026 05:33 PM (IST)
ਪੰਜਾਬੀ ਜਾਗਰਣ ਟੀਮ, ਸ੍ਰੀ ਚਮਕੌਰ ਸਾਹਿਬ : ਕਾਂਗਰਸ ਨੇ ਅੱਜ ‘ਜਵਾਨੀ ਸਾਂਭ ਯਾਤਰਾ’ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਆਵਾਜ਼ ਦੇਣਾ ਤੇ ਉਨ੍ਹਾਂ ਨੂੰ ਸ਼ਾਸਨ ਦਾ ਅਜਿਹਾ ਮਾਡਲ ਦੇਣਾ ਹੈ, ਜੋ ਸੂਬੇ ’ਚ ਰੁਜ਼ਗਾਰ ਤੇ ਤਰੱਕੀ ਲੈ ਕੇ ਆਵੇਗਾ। ਇਸ ਮੌਕੇ ਕੀਤੀ ਗਈ ਰੈਲੀ ’ਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਤੇ ਯਾਤਰਾ ਦੀ ਉਤਸ਼ਾਹ ਭਰਪੂਰ ਸ਼ੁਰੂਆਤ ਹੋਈ। ਰੈਲੀ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਤੇ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕੀਤੀ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸੀਨੀਅਰ ਲੀਡਰਸ਼ਿਪ ਨੇ ਚਮਕੌਰ ਸਾਹਿਬ ਦੇ ਇਤਿਹਾਸਕ ਸ੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਿਆ। ਏਕਤਾ ਤੇ ਮਜ਼ਬੂਤ ਆਪਸੀ ਤਾਲਮੇਲ ਦਾ ਪ੍ਰਦਰਸ਼ਨ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ, ਵਿਜੈਇੰਦਰ ਸਿੰਗਲਾ, ਸੁਖਪਾਲ ਸਿੰਘ ਖਹਿਰਾ ਤੇ ਡਾ. ਧਰਮਵੀਰ ਗਾਂਧੀ ਸਮੇਤ ਸੀਨੀਅਰ ਆਗੂਆਂ ਨੇ ਰੈਲੀ ਦਾ ਮਾਹੌਲ ਬਣਾਇਆ। ਬੁਲਾਰਿਆਂ ਨੇ ਇਕੱਠ ਨੂੰ ਕਿਹਾ ਕਿ ਪੰਜਾਬ ਗੈਂਗਸਟਰਵਾਦ ਤੇ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ, ਜੋ ਪੰਜਾਬ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ ਤੇ ਸੂਬੇ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਹੈ। ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਭਾਰੀ ਉਤਸ਼ਾਹ ਤੇ ਜੈਕਾਰਿਆਂ ਦਰਮਿਆਨ ਸਟੇਜ ’ਤੇ ਪਹੁੰਚੇ। ਇਕੱਠ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਆਪਣੇ ਜੋਸ਼ੀਲੇ ਭਾਸ਼ਣ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਹਮਲਾ ਬੋਲਿਆ ਤੇ ਉਸ ਨੂੰ ਚੁਣੌਤੀ ਦਿੱਤੀ। ਉਨ੍ਹਾਂ ਜਵਾਨੀ ਸਾਂਭ ਯਾਤਰਾ ਨੂੰ ਇੱਕ ‘ਸੁਣਨ ਵਾਲੀ ਯਾਤਰਾ’ ਦੱਸਿਆ, ਜਿਸ ’ਚ ਕਾਂਗਰਸ ਪੰਜਾਬ ਦੇ ਨੌਜਵਾਨਾਂ ਨਾਲ ਸੰਵਾਦ ਰਚਾਏਗੀ, ਉਨ੍ਹਾਂ ਦੀ ਨਬਜ਼ ਨੂੰ ਸਮਝੇਗੀ ਤੇ ਉਨ੍ਹਾਂ ਨੂੰ ‘ਆਪ’ ਦੀ ਉਸ ਬਿਮਾਰੀ ਤੋਂ ਛੁਟਕਾਰਾ ਦਿਵਾਏਗੀ, ਜਿਸ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ’ਤੇ ਪਹੁੰਚਾ ਦਿੱਤਾ ਹੈ। ਚੰਨੀ ਨੇ ‘ਗੈਂਗਸਟਰਵਾਦ’ ਤੇ ਨਸ਼ਿਆਂ ਦੀ ਭੇਂਟ ਚੜ੍ਹੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ‘ਆਪ’ ਵਿਰੁੱਧ ਲੜਨ ਦਾ ਪ੍ਰਣ ਲਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਟੇਜ ਤੋਂ ਚੰਨੀ ਦੀਆਂ ਗੱਲਾਂ ਨੂੰ ਦੁਹਰਾਇਆ। ਉਨ੍ਹਾਂ ਖਾਸ ਤੌਰ ’ਤੇ ਕਿਹਾ ਕਿ ਮੀਡੀਆ ਕਾਂਗਰਸ ’ਚ ਆਪਸੀ ਮਤਭੇਦ ਦੀਆਂ ਗੱਲਾਂ ਵਾਰ-ਵਾਰ ਉਛਾਲਦਾ ਰਹਿੰਦਾ ਹੈ, ਪਰ ਇਹ ਸਪੱਸ਼ਟ ਸੀ ਕਿ ਸੀਨੀਅਰ ਲੀਡਰਸ਼ਿਪ ਨੇ ਜਵਾਨੀ ਸਾਂਭ ਸਾਈਕਲ ਯਾਤਰਾ ਨੂੰ ਪਾਰਟੀ ਦੀ ਮੁਹਿੰਮ ਵਜੋਂ ਪੂਰਾ ਸਮਰਥਨ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਵੀ ਸੂਬੇ ’ਚ ਪ੍ਰਚਲਿਤ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਇੱਕਜੁੱਟ ਹੋ ਕੇ ਬਾਹਰਲਿਆਂ ਦੇ ਸ਼ਿਕੰਜੇ ਤੋਂ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਨ ਦੀ ਅਪੀਲ ਕੀਤੀ। ਬੁਲਾਰਿਆਂ ਦੀ ਲੰਬੀ ਕਤਾਰ ’ਚ ਸਚਿਨ ਪਾਇਲਟ ਆਪਣੇ ਤਿੱਖੇ ਤੇ ਸਿੱਧੇ ਸਵਾਲਾਂ ਕਾਰਨ ਵੱਖਰੇ ਨਜ਼ਰ ਆਏ। ਉਨ੍ਹਾਂ ਕਾਨੂੰਨ-ਵਿਵਸਥਾ, ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮੋਰਚੇ ’ਤੇ ਸਰਕਾਰ ਦੀ ਪੂਰੀ ਤਰ੍ਹਾਂ ਨਾਕਾਮੀ ’ਤੇ ਸਵਾਲ ਚੁੱਕੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪੰਜਾਬ ਦੀ ਲੀਡਰਸ਼ਿਪ ਸਖ਼ਤ ਮਿਹਨਤ ਕਰ ਰਹੀ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਵੱਡਾ ਬਹੁਮਤ ਦਿਵਾਏਗੀ। ਪ੍ਰੈਸ ਕਾਨਫਰੰਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸਾਈਕਲ ਸਵਾਰਾਂ ਨੂੰ ਸ਼ੁਰੂਆਤੀ ਬਿੰਦੂ ਤੱਕ ਲੈ ਗਏ ਤੇ ਤਾਕਤ ਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਚਮਕੌਰ ਸਾਹਿਬ ਸਟੇਡੀਅਮ ’ਚ ਮੌਜੂਦ 2,000 ਸਾਈਕਲ ਸਵਾਰਾਂ ਨਾਲ ਕਤਾਰਬੱਧ ਹੋਏ। ਸਚਿਨ ਪਾਇਲਟ ਨੇ ਉਨ੍ਹਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਨਾਲ ‘ਜਵਾਨੀ ਸਾਂਭ ਯਾਤਰਾ’ ਦੀ ਸ਼ੁਰੂਆਤ ਹੋਈ, ਜੋ ਖਮਾਣੋਂ ਜਾਵੇਗੀ ਤੇ ਅੱਜ ਦਾ ਪੜਾਅ ਸਮਰਾਲਾ ਵਿਖੇ ਹੋਵੇਗਾ। ਕੱਲ੍ਹ ਯਾਤਰਾ ਸਾਹਨੇਵਾਲ ਤੇ ਲੁਧਿਆਣਾ ਨੂੰ ਕਵਰ ਕਰੇਗੀ। ਇਹ ਯਾਤਰਾ 28 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗੀ ਤੇ 600 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰੇਗੀ।