ਸਰਹੱਦੀ ਇਲਾਕੇ ਕੈਂਚੀ ਮੋੜ ਤੋਂ ਨੈਣਾ ਦੇਵੀ ਮਾਰਗ ਦੀ ਹਾਲਤ ਸਾਲ ਬਾਅਦ ਵੀ ਨਹੀਂ ਸੁਧਰੀ ਸਰਹੱਦੀ ਇਲਾਕੇ ਕੈਂਚੀ ਮੋੜ ਤੋਂ ਨੈਣਾ ਦੇਵੀ ਮਾਰਗ ਦੀ ਹਾਲਤ ਸਾਲ ਬਾਅਦ ਵੀ ਨਹੀਂ ਸੁਧਰੀ
Publish Date: Mon, 07 Sep 2026 05:22 PM (IST)
Updated Date: Mon, 07 Sep 2026 05:25 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪੰਜਾਬ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕੇ ਕੈਂਚੀ ਮੋੜ ਤੋਂ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਮਾਰਗ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਸ ਮਾਰਗ ਤੋਂ ਰੋਜ਼ਾਨਾ ਸਫ਼ਰ ਕਰਨ ਵਾਲੇ ਰਾਹਗੀਰ ਤੇ ਮਾਤਾ ਨੈਣਾ ਦੇਵੀ ਮੱਥਾ ਟੇਕਣ ਜਾਣ ਵਾਲੇ ਸ਼ਰਧਾਲੂ ਖ਼ਤਰੇ ਦੇ ਸਾਏ ਹੇਠ ਸਫ਼ਰ ਕਰਨ ਲਈ ਮਜਬੂਰ ਹਨ। ਦੱਸਣ ਯੋਗ ਹੈ ਕਿ ਪਿਛਲੇ ਸਾਲ ਬਰਸਾਤਾਂ ’ਚ ਕੈਂਚੀ ਮੋੜ ਤੋਂ ਨੈਣਾ ਦੇਵੀ ਨੂੰ ਜੋੜਨ ਵਾਲਾ ਮੁੱਖ ਮਾਰਗ ਕਈ ਜਗ੍ਹਾ ਤੋਂ ਪਹਾੜੀ ਖਿਸਕਣ ਕਰਕੇ ਪ੍ਰਭਾਵਿਤ ਹੋਇਆ ਸੀ। ਇਸ ਮਾਰਗ ’ਤੇ ਭਾਰੀ ਬਾਰਿਸ਼ ਕਾਰਨ ਸੜਕ ਖੁਰ ਗਈ, ਉਸ ਸਮੇਂ ਪ੍ਰਸ਼ਾਸਨ ਵੱਲੋਂ ਪਹਾੜੀ ਉੱਤੋਂ ਡਿੱਗੀਆਂ ਢਿਗਾਂ ਨੂੰ ਹਟਾ ਕੇ ਰਸਤਾ ਚੱਲਣ ਯੋਗ ਤਾਂ ਬਣਾ ਦਿੱਤਾ ਪਰ ਜਿਸ ਜਗ੍ਹਾ ਤੋਂ ਸੜਕ ਖੁਰੀ ਸੀ ਉਹ ਜਿਉਂ ਦਾ ਤਿਉਂ ਹੀ ਹੈ। ਇਕ ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਜਾ ਸਕਿਆ। ਇਕ ਜਗ੍ਹਾ ’ਤੇ ਸੜਕ ਦਾ ਖਾਰ ਪੈਣ ਕਰਕੇ ਸੜਕ ਬਹੁਤ ਤੰਗ ਹੋ ਗਈ ਹੈ। ਇਸ ਲਈ ਵਾਹਨ ਚਾਲਕਾਂ ਨੂੰ ਇਸ ਜਗ੍ਹਾ ’ਤੇ ਸਫ਼ਰ ਕਰਦੇ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਖਾਸ ਕਰਕੇ ਸਰਕਾਰ ਵੱਲੋਂ ਨਵੀਆਂ ਚਲਾਈਆਂ ਇਲੈਕਟਰੀਕਲ ਬੱਸਾਂ ਲੰਮੀਆਂ ਹੋਣ ਕਰਕੇ ਕਈ ਵਾਰ ਅੱਗੇ-ਪਿੱਛੇ ਕਰਕੇ ਬੱਸ ਲੰਘਾਉਣੀ ਪੈਂਦੀ ਹੈ। ਕਈ ਵਾਰ ਤਾਂ ਇਲੈਕਟਰੀਕਲ ਬੱਸ ਡਰਾਈਵਰ ਨੂੰ ਇਹ ਤੰਗ ਰਸਤੇ ਨਜ਼ਦੀਕ ਹੀ ਬੱਸ ਖੜ੍ਹੀ ਕਰਕੇ ਸਵਾਰੀਆਂ ਦੂਜੇ ਪਾਸੇ ਦੂਸਰੀ ਬੱਸ ’ਚ ਬਿਠਾਉਣੀਆ ਪੈਂਦੀਆਂ ਹਨ। ਪ੍ਰਾਈਵੇਟ ਬੱਸ ਚਾਲਕ ਵੀ ਬੱਸ ਵਿੱਚੋਂ ਸਵਾਰੀਆਂ ਉਤਾਰ ਕੇ ਜੋਖ਼ਮ ਨਾਲ ਇਹ ਰਸਤਾ ਪਾਰ ਕਰਦੇ ਹਨ। ਸਥਾਨਕ ਇਲਾਕਾ ਨਿਵਾਸੀਆਂ ਤੇ ਵਾਹਨ ਚਾਲਕਾਂ ਨੇ ਲੋਕ ਨਿਰਮਾਣ ਵਿਭਾਗ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੈਂਚੀ ਮੋੜ ਤੋਂ ਨੈਣਾ ਦੇਵੀ ਮਾਰਗ ਦੀ ਮੁਰੰਮਤ ਜਲਦ ਕੀਤੀ ਜਾਵੇ ਤਾਂ ਜੋ ਬਾਹਰੋਂ ਆਉਣ ਵਾਲੇ ਸ਼ਰਧਾਲੂ ਜਾਂ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਨਾ ਬਣੇ।