ਸਰਕਾਰ ਕਿਸਾਨਾਂ-ਆੜ੍ਹਤੀਆ ਤੇ ਸ਼ੈਲਰ ਮਾਲਕਾਂ ਨੂੰ ਬਚਾਉੁਣ ਲਈ ਮੰਗ ਦਾ ਹੱਲ ਕਰੇ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ, ਆੜ੍ਹਤੀਆ ਤੇ ਸ਼ੈਲਰ ਮਾਲਕਾਂ ਨੂੰ ਬਚਾਉੁਣ ਲਈ ਮੰਗ ਦਾ ਹੱਲ ਕਰੇ
Publish Date: Wed, 14 Oct 2026 04:57 PM (IST)
Updated Date: Wed, 14 Oct 2026 05:00 PM (IST)
ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆ ਨੇ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਦੀ ਜ਼ਿਲ੍ਹਾ ਇਕਾਈ ਰੂਪਨਗਰ ਵੱਲੋਂ ਪੰਜਾਬ ਮੰਡੀਕਰਨ ਢਾਂਚੇ ਦੇ ਤਿੰਨ ਥੰਮ ਮੰਨੇ ਜਾਂਦੇ ਕਿਸਾਨ ,ਆੜ੍ਹਤੀ ਤੇ ਸ਼ੈਲਰ ਮਾਲਕਾਂ ਨੂੰ ਬਚਾਉਣ ਲਈ ਮੰਗਾਂ ਸਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ’ਤੇ ਮੰਗ ਪੱਤਰ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੂੰ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਕੜੋਨਾਂ ਦੀ ਅਗਵਾਈ ’ਚ ਇੱਕ ਵਫਦ ਨੇ ਦਿੱਤਾ। ਇਸ ਮੌਕੇ ’ਤੇ ਪਾਰਟੀ ਦੇ ਜਰਨਲ ਸਕੱਤਰ ਤੇ ਸਾਬਕਾ ਐੱਸਜੀਪੀਸੀ ਮੈਂਬਰ ਹਰਬੰਸ ਸਿੰਘ ਕੰਧੋਲਾ, ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਸੱਲੋਮਾਜਰਾ ਨੇ ਕਿਹਾ ਕਿ ਪੰਜਾਬ ਦੇਸ਼ ਦੇ ਲੋਕਾਂ ਦਾ ਸਖਤ ਮਿਹਨਤ ਕਰਕੇ ਪੇਟ ਭਰ ਰਿਹਾ ਹੈ ਪ੍ਰੰਤੂ ਸਮੇਂ ਦੀਆ ਸਰਕਾਰਾਂ ਤੇ ਕੁਦਰਤੀ ਮਾਰਾਂ ਨੇ ਕਿਸਾਨਾਂ, ਆੜ੍ਹਤੀਆ ਤੇ ਸ਼ੈਲਰ ਮਾਲਕਾਂ ਨੂੰ ਲਗਾਤਾਰ ਨੁਕਸਾਨ ਕਰ ਰਹੀਆ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪਿਛਲੇ ਦਿਨੀ ਹੋਏ ਮੀਂਹ ਤੇ ਗੜ੍ਹੇਮਾਰੀ ਕਾਰਨ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਦੀ ਸਰਕਾਰ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ, ਕਿਸਾਨਾਂ ਦਾ ਸਾਰਾ ਝੋਨਾ ਖਰੀਦ ਲਈ ਸਰਕਾਰ ਨਮੀ ਤੇ ਦਾਗੀ ਦਾਣੇ ਦੇ ਮਾਪਦੰਢ ’ਤੇ ਛੋਟ ਦੇਵੇ, ਪੰਜਾਬ ਦੀ ਸ਼ੈਲਰ ਇੰਡਸਟਰੀ ਨੂੰ ਹਰਿਆਣਾ ਦੀ ਤਰਜ ‘ਤੇ ਮਿਲਿੰਗ ’ਚ 30 ਰੁਪਏ ਪ੍ਰੀਤ ਕੁਇੰਟਲ ਬੋਨਸ ਦੇਵੇ ਅਤੇ ਯੀਲਡ ’ਚ ਛੋਟ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਫਸਲ ਦੇ ਭੰਡਾਰਣ ਦੀ ਸਮਰੱਥਾ ਵਧਾਈ ਜਾਵੇ ਕਿਉਂਕਿ ਪਿਛਲੇ ਸਾਲ ਸ਼ੈਲਰ ਮਾਲਕਾਂ ਨੂੰ ਚਾਵਲ ਭੰਡਾਰ ਕਰਨ ਲਈ ਯੂਪੀ ਹਰਿਆਣਾ ਅਤੇ ਜੰਮੂ ’ਚ ਜਗ੍ਹਾਾ ਲੱਭਣੀ ਪਈ ਸੀ। ਉਨ੍ਹਾਂ ਕਿਹਾ ਕਿ ਹਾਈਬ੍ਰਿਡ ਦਾਣੇ ਦੀ ਬੋਨਸ ਛੋਟ ਕੇਂਦਰ ਸਰਕਾਰ ਨੇ 25 ਪ੍ਰਤੀਸ਼ਤ ਤੋਂ ਘਟਾਂ ਕੇ 10 ਕੀਤੀ ਹੈ, ਉਸ ਨੂੰ ਤੁਰੰਤ 25 ਪ੍ਰਤੀਸ਼ਤ ਕੀਤਾ ਜਾਵੇ। ਆਗੂਆ ਨੇ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਖਰੀਦ ਦਾ ਟੀਚਾ 190 ਮੀਟ੍ਰਿਕ ਟਨ ਸੀ ਤੇ ਹੁਣ 180 ਮੀਟ੍ਰਿਕ ਟਨ ਹੈ ਜਦਕਿ ਝੋਨੇ ਦੀ ਫਸਲ 200 ਲੱਖ ਮੀਟ੍ਰਿਕ ਟਨ ਤੋਂ ਪਾਰ ਹੋਣ ਦੀ ਉਮੀਦ ਹੈ ਇਸ ਲਈ ਟੀਚਾ ਕੇਂਦਰ ਸਰਕਾਰ 200 ਲੱਖ ਮੀਟ੍ਰਿਕ ਟਨ ਕਰੇ। ਉਨ੍ਹਾਂ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ’ਤੇ ਸਵਾਲ ਕਰਦਿਆ ਕਿਹਾ ਕਿ ਦਿਨ ਦਿਹਾੜੇ ਨਸ਼ਿਆ ਖਿਲਾਫ਼ ਅਵਾਜ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਗੋਲੀਆ ਮਾਰ ਕੇ ਕਤਲ ਕਰਨਾ ਇੱਕ ਸੋਚੀ ਸਮਝੀ ਸਾਜਿਸ਼ ਹੈ,ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਕਿਸਾਨੀ ਹਿੱਤ ਦੀਆਂ ਇਨ੍ਹਾਂ ਮੰਗਾਂ ਨੂੰ ਬਿਨਾਂ ਦੇਰੀ ਪ੍ਰਵਾਨ ਕਰਕੇ ਦੇਸ਼ ਦੀ ਰੀੜ੍ਹ ਦੀ ਹੱਡੀ ਨੂੰ ਬਚਾਉਣ ਲਈ ਪਹਿਲਕਦਮੀ ਕਰੇ। ਇਸ ਮੌਕੇ ’ਤੇ ਬਾਬਾ ਹਰਦੀਪ ਸਿੰਘ ਗੁਰਦੁਆਰਾ ਬਾਬਾ ਸਤਨਾਮ ਜੀ, ਸੁਖਵਿੰਦਰ ਸਿੰਘ, ਨਿਰਭੈ ਸਿੰਘ, ਕੁਲਵੰਤ ਸਿੰਘ ਭੁਰੜੇ,ਜਗਬੰਦਰ ਸਿੰਘ ਬੰਗੀਆ,ਅਵਤਾਰ0 ਸਿੰਘ ਲੁਠੇੜੀ,ਭਾਗ ਸਿੰਘ ਰੋਪੜ,ਪਰਵਿੰਦਰ ਸਿੰਘ ਭਿਓਰਾ,ਲਖਵੀਰ ਸਿੰਘ ਝਮਲੂਟੀ, ਗੁਰਬਚਨ ਸਿੰਘ ਸਤਿਆਲ, ਹਰਜਿੰਦਰ ਸਿੰਘ ਕੁਲਗਰਾਂ ਆਦਿ ਆਗੂ ਹਾਜ਼ਰ ਸਨ।