ਐੱਨਐੱਫਐੱਲ ਦੀ ਲੱਗਣ ਵਾਲੀ ਯੂਰੀਆ ਪਲਾਟ ਦਾ ਸਿਆਸੀ ਲਾਹਾ ਲੈਣ ਦੀ ਲੜਾਈ ਨੂੰ ਲੱਗਿਆ ਵਿਰਾਮ ਐਨਐਫਐਲ ਦੀ ਲੱਗਣ ਵਾਲੀ ਯੂਰੀਆ ਪਲਾਟ ਦਾ ਸਿਆਸੀ ਲਾਹਾ ਲੈਣ ਦੀ ਲੜਾਈ ਨੂੰ ਲੱਗਿਆ ਵਿਰਾਮ
Publish Date: Sat, 28 Nov 2026 06:13 PM (IST)
Updated Date: Sat, 28 Nov 2026 06:16 PM (IST)
ਰਾਸ਼ਟਰੀ ਹੈਡਕੁਆਟਰ ਇੰਚਾਰਜ਼ ਤਰੁਣ ਚੁੱਗ ਨੇ ਵੀਡੀਓ ਪਾ ਕੇ ਸੁਭਾਸ਼ ਸ਼ਰਮਾ ਨੂੰ ਦਿੱਤਾ ਲਾਹਾ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਵੱਲੋਂ ਨੰਗਲ ਵਿਖੇ 10 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 12.7 ਲੱਖ ਮੀਟ੍ਰਿਕ ਟਨ ਸਮਰੱਥਾ ਵਾਲੇ ਨਵੇਂ ਯੂਰੀਆ ਮੈਨੂਫੈਕਚਰਿੰਗ ਪਲਾਂਟ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੁਣ ਇਸ ਦਾ ਸਿਆਸੀ ਲਾਹਾ ਲੈਣ ਲਈ ਭਾਰਤੀ ਜਨਤਾ ਪਾਰਟੀ ਦੇ ਆਗੂਆਂ ’ਚ ਅੰਦਰੂਨੀ ਖਿੱਚੋਤਾਣ ਤੇਜ਼ ਹੋ ਗਈ ਹੈ। ਬੀਤੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਦੇ ਚਾਹਵਾਨ ਆਗੂਆਂ ਵੱਲੋਂ ਰੱਖੇ ਗਏ ਇੱਕ ਪ੍ਰੋਗਰਾਮ ਦੌਰਾਨ ਇਹ ਸਿਆਸੀ ਜੰਗ ਖੁੱਲ੍ਹ ਕੇ ਸਾਹਮਣੇ ਆ ਗਈ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਤੋਂ ਪਹੁੰਚੇ ਕੁਝ ਭਾਜਪਾ ਆਗੂਆਂ ਨੂੰ ਵੀ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਬੀਤੇ ਦਿਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਟਿਕਟਾਂ ਦੇ ਦਾਅਵੇਦਾਰ ਇੱਕ ਮੰਚ ’ਤੇ ਇਕੱਠੇ ਹੋਏ ਸਨ ਤੇ ਇਸ ਵੱਡੇ ਨਿਵੇਸ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਜੇ.ਪੀ. ਨੱਡਾ ਦਾ ਧੰਨਵਾਦ ਕਰ ਰਹੇ ਸਨ। ਇਸੇ ਦੌਰਾਨ ਟਿਕਟ ਦੇ ਇੱਕ ਚਾਹਵਾਨ ਆਗੂ ਵੱਲੋਂ ‘ਵੋਕਲ ਫਾਰ ਲੋਕਲ’ ਦਾ ਮੁੱਦਾ ਉਠਾਉਣ ’ਤੇ ਮਾਹੌਲ ਤਣਾਅਪੂਰਨ ਹੋ ਗਿਆ ਤੇ ਇਸ ਪਲਾਂਟ ਨੂੰ ਲਿਆਉਣ ਦਾ ਸਾਰਾ ਸਿਹਰਾ ਹਿਮਾਚਲ ਪ੍ਰਦੇਸ਼ ਤੋਂ ਬੁਲਾਏ ਗਏ ਕੁਝ ਆਗੂਆਂ ਸਿਰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ। ਦਿਨ ਭਰ ਸ਼ਹਿਰ ’ਚ ਇਸ ਗੱਲ ਦੀ ਚਰਚਾ ਛਿੜੀ ਰਹੀ ਕਿ ਜਿਸ ਭਾਜਪਾ ਆਗੂ ਦੇ ਨਾਮ ’ਤੇ ਮੰਤਰਾਲੇ ਵੱਲੋਂ ਪੱਤਰ ਜਾਰੀ ਹੋਇਆ ਸੀ, ਕੀ ਉਹ ਝੂਠ ਬੋਲ ਰਿਹਾ ਹੈ। ਪਰ ਸ਼ਾਮ ਹੁੰਦਿਆਂ ਹੀ ਇਨ੍ਹਾਂ ਸਾਰੀਆਂ ਅਟਕਲਾਂ ’ਤੇ ਉਸ ਸਮੇਂ ਵਿਰਾਮ ਲੱਗ ਗਿਆ, ਜਦੋਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਤੇ ਪਾਰਟੀ ਦੇ ਰਾਸ਼ਟਰੀ ਹੈੱਡਕੁਆਰਟਰ ਇੰਚਾਰਜ ਤੇ ਰਾਜ ਸਭਾ ਮੈਂਬਰ ਨੇ ਇੱਕ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਇਸ ਪ੍ਰੋਜੈਕਟ ਨੂੰ ਪਾਸ ਕਰਵਾਉਣ ’ਚ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਇੱਕ ਦਰਜਨ ਤੋਂ ਵੱਧ ਆਗੂ ਭਾਜਪਾ ਟਿਕਟ ਦੀ ਦੌੜ ’ਚ ਸ਼ਾਮਲ ਹਨ, ਜਿਸ ਕਾਰਨ ਕਿਸੇ ਵੀ ਪ੍ਰਾਪਤੀ ਦਾ ਸਿਹਰਾ ਲੈਣ ਲਈ ਹੋੜ ਲੱਗੀ ਰਹਿੰਦੀ ਹੈ। ਹਾਲਾਂਕਿ, ਬੀਤੀ ਸ਼ਾਮ ਉਕਤ ਵੀਡੀਓ ਜਾਰੀ ਹੋਣ ਤੋਂ ਬਾਅਦ ਵੱਡੀ ਗਿਣਤੀ ਭਾਜਪਾ ਵਰਕਰਾਂ ਨੇ ਇਸ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਕੇ ਸੁਭਾਸ਼ ਸ਼ਰਮਾ ਦੇ ਹੱਕ ’ਚ ਆਪਣਾ ਸਮਰਥਨ ਜਤਾਇਆ। ਦੂਜੇ ਪਾਸੇ, ਕੁਝ ਸਥਾਨਕ ਵਰਕਰਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਭਾਜਪਾ ਆਗੂਆਂ ਨੂੰ ਸਥਾਨਕ ਧੜੇਬੰਦੀ ’ਚ ਨਹੀਂ ਪੈਣਾ ਚਾਹੀਦਾ ਸੀ।