ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਵਿਖੇ ਸਾਲਾਨਾ ਉਰਸ ਮਨਾਇਆ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਵਿਖੇ ਸਾਲਾਨਾ ਉਰਸ ਮੇਲਾ ਸ਼ਰਧਾ ਨਾਲ ਮਨਾਇਆ
Publish Date: Thu, 12 Nov 2026 05:43 PM (IST)
Updated Date: Thu, 12 Nov 2026 05:45 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਤੇ ਸੂਫ਼ੀ ਅਸਥਾਨ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਵਿਖੇ ਸਾਲਾਨਾ ਉਰਸ ਮੇਲਾ ਇਸ ਵਾਰ ਦਰਗਾਹ ਦੇ ਮੋਹਤਮਿਮ ਦਿਲਬਾਗ ਸ਼ਾਹ ਦੇ ਪੁੱਤਰ ਦਾਨਿਸ਼ ਸ਼ਾਹ ਦੇ ਬੇਵਕਤੀ ਵਿਛੋੜੇ ਕਾਰਨ ਬਹੁਤ ਹੀ ਸਾਦੇ ਢੰਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਪਰਿਵਾਰ ’ਚ ਵਾਪਰੀ ਇਸ ਦੁਖਦਾਈ ਘਟਨਾ ਦੇ ਮੱਦੇਨਜ਼ਰ ਕੋਈ ਵੱਡੇ ਪੱਧਰ ਦੇ ਜਸ਼ਨ ਨਹੀਂ ਮਨਾਏ ਗਏ। ਇਸ ਦੇ ਬਾਵਜੂਦ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਦਰਗਾਹ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ। ਇਸ ਮੌਕੇ ਦਰਗਾਹ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਵੱਲੋਂ ਚਾਦਰ ਚੜ੍ਹਾਉਣ ਦੀ ਰਸਮ ਪੂਰੀ ਸ਼ਰਧਾ ਤੇ ਮਰਿਆਦਾ ਨਾਲ ਅਦਾ ਕੀਤੀ ਗਈ। ਉਰਸ ਮੇਲੇ ਦੌਰਾਨ ਦਰਗਾਹ ਵਿਖੇ ਵਿਸ਼ੇਸ਼ ਧਾਰਮਿਕ ਤੇ ਸੂਫ਼ੀਆਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਕਵਾਲ ਕਰਾਮਤ ਅਲੀ ਮਲੇਰਕੋਟਲਾ ਵਾਲਿਆਂ ਤੇ ਪ੍ਰੇਮ ਕਵਾਲ ਭਨਾਮ ਵਾਲਿਆਂ ਨੇ ਆਪਣੀਆਂ ਦਿਲਕਸ਼ ਕਵਾਲੀਆਂ ਰਾਹੀਂ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਉਨ੍ਹਾਂ ਦੀਆਂ ਰੂਹਾਨੀ ਪੇਸ਼ਕਾਰੀਆਂ ਨੇ ਸਮੁੱਚੇ ਮਾਹੌਲ ਨੂੰ ਸੂਫ਼ੀਆਨਾ ਰੰਗ ’ਚ ਰੰਗ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਗਾਹ ਦੇ ਮੋਹਤਮਿਮ ਦਿਲਬਾਗ ਸ਼ਾਹ ਨੇ ਦੱਸਿਆ ਕਿ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਯਾਦ ’ਚ ਹਰ ਸਾਲ ਸਾਲਾਨਾ ਉਰਸ ਮੇਲਾ ਕਰਵਾਇਆ ਜਾਂਦਾ ਹੈ। ਇਸ ਮੇਲੇ ਨਾਲ ਸ਼ਰਧਾਲੂਆਂ ਦੀਆਂ ਡੂੰਘੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੇ ਹਰ ਸਾਲ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਦਰਗਾਹ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ। ਇਸ ਵਾਰ ਵੀ ਧਾਰਮਿਕ ਰਸਮਾਂ ਪੂਰੀ ਸ਼ਰਧਾ ਤੇ ਮਰਿਆਦਾ ਨਾਲ ਨਿਭਾਈਆਂ ਗਈਆਂ। ਮੇਲੇ ’ਚ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਦਰਗਾਹ ਪ੍ਰਬੰਧਕਾਂ ਵੱਲੋਂ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਸ਼ਰਧਾਲੂਆਂ ਨੇ ਲੰਗਰ ਛਕਿਆ ਤੇ ਸੇਵਾ ’ਚ ਆਪਣਾ ਯੋਗਦਾਨ ਪਾਇਆ। ਸਮੁੱਚੇ ਸਮਾਗਮ ਦੌਰਾਨ ਸ਼ਰਧਾ, ਆਪਸੀ ਭਾਈਚਾਰੇ ਤੇ ਸੂਫ਼ੀ ਪਰੰਪਰਾ ਦੀ ਸਾਂਝ ਦੇਖਣ ਨੂੰ ਮਿਲੀ। ਇਸ ਮੌਕੇ ਮਹੰਤ ਮੋਹਤਮਿਮ ਦਿਲਬਾਗ ਮੁਹੰਮਦ ਸ਼ਾਹ, ਇਮਤਿਆਜ਼ ਬਿੱਟੂ ਸ਼ਾਹ, ਪਰਵੇਜ਼ ਸ਼ਾਹ,ਐਡਵੋਕੇਟ ਅਹਿਮਦ ਦੀਨ, ਨਾਜ਼ਿਰ ਨਿੰਦੀ, ਇਮਰਾਨ ਖ਼ਾਨ, ਮੱਖਣ ਸ਼ਾਹ,ਅਕਬਰ ਸ਼ਾਹ , ਅਸ਼ਰਫ ਖਾਨ ਬਲਾਕ ਪ੍ਰਧਾਨ ਅਨੰਦਪੁਰ ਸਾਹਿਬ,ਇਕਬਾਲ ਮੁਹੰਮਦ, ਗਫੂਰ ਮੁਹੰਮਦ, ਆਰਿਫ਼ ਖ਼ਾਨ, ਗਫੂਰ ਸ਼ਾਹ, ਯੂਨਿਸ ਖ਼ਾਨ, ਸੰਜੇ ਖ਼ਾਨ ਤੇ ਤਨਵੀਰ ਸ਼ਾਹ ਸਮੇਤ ਹੋਰ ਪਤਵੰਤੇ ਸੱਜਣ ਤੇ ਸੰਗਤਾਂ ਹਾਜ਼ਰ ਸਨ।