ਖ਼ਾਲਸਾ ਸਕੂਲ ਦਾ ਸਾਲਾਨਾ ਖੇਡ ਮੇਲਾ ਤੇ ਬਾਲ ਦਿਵਸ ਯਾਦਗਾਰੀ ਹੋ ਨਿਬੜਿਆ ਖ਼ਾਲਸਾ ਸਕੂਲ ਜੰਡ ਸਾਹਿਬ ਦਾ ਸਲਾਨਾ ਖੇਡ ਮੇਲਾ ਅਤੇ ਬਾਲ ਦਿਵਸ ਯਾਦਗਾਰੀ ਹੋ ਨਿਬੜਿਆ
Publish Date: Sat, 14 Nov 2026 03:30 PM (IST)
Updated Date: Sat, 14 Nov 2026 03:33 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ ਬਹਿਰਾਮਪੁਰ : ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਸਲਾਨਾ ਖੇਡ ਮੇਲਾ ਤੇ ਬਾਲ ਦਿਵਸ ਬੜੇ ਉਤਸ਼ਾਹ, ਜੋਸ਼ ਤੇ ਉਤਸਵਮਈ ਮਾਹੌਲ ’ਚ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਡਿੰਪਲ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਇਸ ਉਪਰੰਤ ਸਕੂਲ ਦੇ ਸਾਰੇ ਹਾਊਸਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਵਿਦਿਆਰਥੀਆਂ ਨੇ ਅਨੁਸ਼ਾਸਨ ਤੇ ਇਕਸਾਰਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਮਨਜੋਤ ਸਿੰਘ ਵੱਲੋਂ ਖੇਡ ਸਹੁੰ ਚੁਕਾਈ ਗਈ ਤੇ ਪ੍ਰਿੰਸੀਪਲ ਵੱਲੋਂ ਖੇਡ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕਰਨ ਦੀ ਆਗਿਆ ਦਿੱਤੀ ਗਈ। ਖੇਡ ਮੇਲੇ ਦੌਰਾਨ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ’ਚ 30 ਮੀਟਰ, 50 ਮੀਟਰ, 100 ਮੀਟਰ ਤੇ 200 ਮੀਟਰ ਦੌੜਾਂ ਤੋਂ ਇਲਾਵਾ ਲੰਬੀ ਛਾਲ, ਸ਼ਾਟਪੁੱਟ, ਜੰਪ ਰੇਸ , ਫਰੌਗ ਰੇਸ, ਬੈਕ ਰੇਸ, ਸੈਕ ਰੇਸ, ਰਿੰਗ ਰੇਸ, ਬੈਗ ਪੈਕ ਰੇਸ ਤੇ ਕਲੇਅ ਮਾਡਲਿੰਗ ਆਦਿ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ’ਚ ਭਾਗ ਲਿਆ। ਇਸ ਦੇ ਨਾਲ ਹੀ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਬਾਲ ਦਿਵਸ ਨੂੰ ਸਮਰਪਿਤ ਵੱਖ-ਵੱਖ ਮਨਮੋਹਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਗੁਰਮੁਖ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਜਗੀਰ ਸਿੰਘ ਪ੍ਰਧਾਨ, ਨੱਥਾ ਸਿੰਘ ਮੈਨੇਜਰ ਤੇ ਗੁਰਦੇਵ ਸਿੰਘ ਲੰਬੜਦਾਰ ਗੁਰਦੁਆਰਾ ਗੁਰੂ ਬੀੜ ਜੰਡ ਸਾਹਿਬ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਇਲਾਕੇ ਦੇ ਪੰਚਾਂ, ਸਰਪੰਚਾਂ, ਮੋਹਤਬਰਾਂ ਤੇ ਮਾਪਿਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਸਮਾਗਮ ਦੀ ਰੌਣਕ ਵਧਾਈ। ਇਸ ਮੌਕੇ ਹਰਮੇਲ ਸਿੰਘ ਮਹਿਤੋਤ ਤੇ ਸਵਾਰਨ ਸਿੰਘ ਮਹਿਤੋਤ ਵੱਲੋਂ ਸਕੂਲ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ 5000 ਤੇ 3100 ਰੁਪਏ ਦੀ ਵਿੱਤੀ ਸਹਾਇਤਾ ਭੇਟ ਕੀਤੀ ਗਈ। ਪ੍ਰਿੰਸੀਪਲ ਨੇ ਇਸ ਨੇਕ ਉਪਰਾਲੇ ਲਈ ਦੋਵੇਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਖੇਡ ਮੇਲੇ ਦੌਰਾਨ ਮਾਤਾਵਾਂ ਦੀ ਦੌੜ ਵੀ ਕਰਵਾਈ ਗਈ, ਜਿਸ ’ਚ ਸੰਦੀਪ ਕੌਰ ਫਤਿਹਪੁਰ ਨੇ ਪਹਿਲਾ, ਨਿਰਮਲਾ ਦੇਵੀ ਫਤਿਹਪੁਰ ਨੇ ਦੂਜਾ ਤੇ ਰਜਵੀਤ ਕੌਰ ਬਜੀਦ ਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੇ ਅੰਤ ’ਚ ਪ੍ਰਿੰਸੀਪਲ ਡਿੰਪਲ ਢਿੱਲੋ ਨੇ ਸਮਾਗਮ ’ਚ ਪਹੁੰਚੇ ਸਮੂਹ ਪੰਚਾਂ, ਸਰਪੰਚਾਂ, ਮੋਹਤਬਰਾਂ ਤੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਸਮਾਗਮ ਬੱਚਿਆਂ ਦੇ ਸਰਵ ਪੱਖੀ ਵਿਕਾਸ, ਸਰੀਰਕ ਤੰਦਰੁਸਤਰੀ,ਆਤਮ ਵਿਸ਼ਵਾਸ ਤੇ ਖੇਡ ਭਾਵਨਾ ਨੂੰ ਪ੍ਰਫੁੱਲਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨਾਂ ਮਾਪਿਆਂ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਕੂਲ ’ਚ ਨਵੇਂ ਸੈਸ਼ਨ ਲਈ ਪ੍ਰੀ -ਨਰਸਰੀ ਤੇ ਨਰਸਰੀ ਜਮਾਤ ਦੇ ਦਾਖਲੇ ਸ਼ੁਰੂ ਹੋ ਚੁੱਕੇ ਹਨ,ਇਸ ਲਈ ਵੱਧ ਤੋਂ ਵੱਧ ਬੱਚਿਆਂ ਦੇ ਦਾਖਲੇ ਕਰਵਾਉਣ ਲਈ ਸਕੂਲ ਨੂੰ ਸਹਿਯੋਗ ਦਿੱਤਾ ਜਾਵੇ। ਸਟੇਜ ਸਕੱਤਰ ਦੀ ਭੂਮਿਕਾ ਰਮਨਦੀਪ ਕੌਰ, ਕਿਰਨਜੋਤ ਕੌਰ ਤੇ ਜਸਵੰਤ ਸਿੰਘ ਡੀਪੀਈ.ਵੱਲੋਂ ਬਾਖੂਬੀ ਨਿਭਾਈ ਗਈ। ਖੇਡ ਮੇਲੇ ਦੌਰਾਨ ਫ਼ਸਟ ਏਡ ਕਾਊਂਟਰ ਤੇ ਰਵਿੰਦਰ ਕੌਰ, ਮੈਡਲਾਂ ਦੀ ਵੰਡ ਤੇ ਮਨਪ੍ਰੀਤ ਕੌਰ, ਨਤੀਜੇ ਨੋਟ ਕਰਨ ਤੇ ਲਖਵੀਰ ਕੌਰ, ਪਰਮਜੀਤ ਕੌਰ, ਮਹਿਮਾਨਾਂ ਦੇ ਸਵਾਗਤ ਤੇ ਕਾਂਤਾ ਕੌਰ ਤੇ ਰਵਿੰਦਰ ਕੌਰ, ਅਨੁਸ਼ਾਸ਼ਨ ਬਣਾਈ ਰੱਖਣ ਲਈ ਪ੍ਰਯਾਗ ਕੌਰ, ਰੁਪਿੰਦਰ ਕੌਰ,ਵਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਵੱਲੋਂ ਡਿਊਟੀ ਨਿਭਾਈ ਗਈ।