ਦੁਸਹਿਰੇ ਦਾ ਸਾਲਾਨਾ ਜੋੜ ਮੇਲ ਸ਼ਰਧਾਪੂਰਵਕ ਸਮਾਪਤ ਚਮਕੌਰ ਸਾਹਿਬ ਵਿਖੇ ਦਸਹਿਰੇ ਦਾ ਸਾਲਾਨਾ ਜੋੜ ਮੇਲ ਵਿਸ਼ਾਲ ਅਲੌਕਿਕ ਨਗਰ ਕੀਰਤਨ ਨਾਲ ਸ਼ਰਧਾਪੂਰਵਕ ਸਮਾਪਤ
Publish Date: Tue, 20 Oct 2026 03:53 PM (IST)
Updated Date: Tue, 20 Oct 2026 03:54 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਇਤਿਹਾਸਕ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਦਸਹਿਰੇ ਦਾ ਸਾਲਾਨਾ ਜੋੜ ਮੇਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਨਾਲ ਅਮਨ-ਅਮਾਨ ਅਤੇ ਜਾਹੋ-ਜਲਾਲ ਨਾਲ ਸੰਪੰਨ ਹੋਇਆ। ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਬਾਅਦ ਦੁਪਹਿਰ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਆਰੰਭ ਹੋਇਆ। ਆਰੰਭਤਾ ਦੀ ਅਰਦਾਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਸਵੀਰ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਕੀਤੀ ਗਈ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਦੇਰ ਸ਼ਾਮ ਮੁੜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਇਆ। ਨਗਰ ਕੀਰਤਨ ਦੌਰਾਨ ਨਿਹੰਗ ਸਿੰਘਾਂ ਦੇ ਰਵਾਇਤੀ ਬਾਣੇ ਵਿਚ ਸਜੇ ‘ਮੀਰੀ ਪੀਰੀ ਖ਼ਾਲਸਾ ਗੱਤਕਾ ਦਲ’ ਦੇ ਜਵਾਨਾਂ ਵੱਲੋਂ ਮਾਰਸ਼ਲ ਆਰਟ ਗੱਤਕੇ ਦੇ ਸ਼ਾਨਦਾਰ ਜੌਹਰ ਵਿਖਾਏ ਗਏ, ਜੋ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਫੁੱਲਾਂ ਨਾਲ ਸੁੰਦਰ ਢੰਗ ਨਾਲ ਸਜੀ ਪਾਲਕੀ ਸਾਹਿਬ ਦੇ ਪਿੱਛੇ ਵੱਖ-ਵੱਖ ਰਾਗੀ ਜਥਿਆਂ ਅਤੇ ਇਲਾਕੇ ਦੀਆਂ ਧਾਰਮਿਕ ਸੁਸਾਇਟੀਆਂ ਦੇ ਮੈਂਬਰਾਂ ਵੱਲੋਂ ਗੁਰਬਾਣੀ ਦੇ ਵੈਰਾਗਮਈ ਕੀਰਤਨ ਨਾਲ ਸਮੁੱਚੇ ਮਾਹੌਲ ਨੂੰ ਅਧਿਆਤਮਿਕ ਰੰਗ ਵਿਚ ਰੰਗ ਦਿੱਤਾ ਗਿਆ। ਜੋੜ ਮੇਲੇ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਅਮਨ-ਕਾਨੂੰਨ ਦੀ ਸਥਿਤੀ ਵਿਚ ਵਿਘਨ ਨਾ ਪਾ ਸਕੇ। ਐੱਸਪੀ. (ਕ੍ਰਾਈਮ) ਜਸ਼ਨਪ੍ਰੀਤ ਸਿੰਘ, ਡੀਐੱਸਪੀ. ਮਨਜੀਤ ਸਿੰਘ ਔਲਖ ਅਤੇ ਥਾਣਾ ਮੁਖੀ ਇੰਸਪੈਕਟਰ ਸ਼ਵਿੰਦਰ ਸਿੰਘ ਖ਼ੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹੇ। ਇਸ ਮੌਕੇ ‘ਆਪ’ ਦੇ ਹਲਕਾ ਸੰਗਠਨ ਇੰਚਾਰਜ ਅਮਨਦੀਪ ਸਿੰਘ ਮਾਂਗਟ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਗੁਰਦੁਆਰਾ ਮੈਨੇਜਰ ਭਾਈ ਗੁਰਮੁੱਖ ਸਿੰਘ, ਉੱਘੇ ਸਮਾਜ ਸੇਵੀ ਬਲਦੇਵ ਸਿੰਘ ਹਾਫ਼ਿਜ਼ਾਬਾਦ, ਸੀਨੀਅਰ ਆਗੂ ਜਥੇਦਾਰ ਹਰਬੰਸ ਸਿੰਘ ਕੰਧੋਲਾ, ਜਥੇਦਾਰ ਪ੍ਰੀਤਮ ਸਿੰਘ ਸੱਲ੍ਹੋਮਾਜਰਾ, ਅਮਰਜੀਤ ਸਿੰਘ ਢਿੱਲੋਂ ਅਤੇ ਪ੍ਰਗਟ ਸਿੰਘ ਸਮੇਤ ਵੱਡੀ ਗਿਣਤੀ ’ਚ ਧਾਰਮਿਕ, ਰਾਜਨੀਤਿਕ ਸ਼ਖ਼ਸੀਅਤਾਂ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।