ਮਹਾਰਾਣਾ ਪ੍ਰਤਾਪ ਚੌਕ ’ਚੋਂ ਹਟਾਏ 8 ਸਾਲ ਪੁਰਾਣੇ ਨਾਜਾਇਜ਼ ਕਬਜੇ ਕੌਂਸਲਰ ਹਰਜਿੰਦਰ ਸਿੰਘ ਛਿੱਬਰ ਦੇ ਯਤਨਾਂ ਸਦਕਾ ਵਾਰਡ ਦੀ ਬਦਲ ਰਹੀ ਨੁਹਾਰ
Publish Date: Tue, 13 Oct 2026 06:40 PM (IST)
Updated Date: Tue, 13 Oct 2026 06:42 PM (IST)
ਕੌਂਸਲਰ ਹਰਜਿੰਦਰ ਸਿੰਘ ਛਿੱਬਰ ਦੇ ਯਤਨਾਂ ਸਦਕਾ ਬਦਲ ਰਹੀ ਵਾਰਡ ਦੀ ਨੁਹਾਰ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ: ਵਾਰਡ ਨੰਬਰ 14 ਦੇ ਕੌਂਸਲਰ ਅਤੇ ਡਬਲਿਊ. ਡੀਸੀ. ਪ੍ਰਧਾਨ ਹਰਜਿੰਦਰ ਸਿੰਘ ਛਿੱਬਰ ਦੇ ਯਤਨਾਂ ਸਦਕਾ ਉਨ੍ਹਾਂ ਦੇ ਵਾਰਡ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਵਾਰਡ ਦੇ ਸੁਧਾਰ ਅਤੇ ਸੁੰਦਰੀਕਰਨ ’ਚ ਪਹਿਲ ਕਰਦਿਆਂ ਪਹਿਲਾਂ ਮਹਾਰਾਣਾ ਪ੍ਰਤਾਪ ਚੌਂਕ ’ਚ ਬੀਤੇ 8-10 ਸਾਲ ਤੋਂ ਰੇਹੜੀ, ਫੜ੍ਹੀ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਾਏ ਅਤੇ ਮੁਹਿੰਮ ਦੇ ਦੂਜੇ ਪੜਾਅ ’ਚ ਵਾਰਡ ਨੂੰ ਕੂੜਾ ਮੁਕਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਜਿਸ ਤਹਿਤ ਉਨ੍ਹਾਂ ਢੋਲਣ ਮਾਜਰਾ ਚੌਕ ਵਿਖੇ ਲੱਗਾ ਕੂੜੇ ਦਾ ਵੱਡਾ ਢੇਰ ਹਟਵਾਇਆ। ਇਸ ਲਈ ਮੁਹੱਲਾ ਵਾਸੀਆਂ ਤੇ ਸ਼ਹਿਰ ਵਾਸੀਆਂ ਵੱਲੋਂ ਹਰਜਿੰਦਰ ਸਿੰਘ ਛਿੱਬਰ ਦਾ ਧੰਨਵਾਦ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਜਿੱਥੇ ਢੋਲਣ ਮਾਜਰਾ ਚੌਕ ਸ਼ਹਿਰ ਦੇ ਮੁੱਖ ਚੌਰਾਹਿਆਂ ’ਚ ਆਉਂਦਾ ਹੈ ਅਤੇ ਸ਼ਹਿਰ ਦੇ ਮੁੱਖ ਬਾਜ਼ਾਰ ’ਚ ਆਉਣ ਵਾਲੇ ਲੋਕਾਂ ਲਈ ਇਹ ਰਸਤਾ ਪੈਂਦਾ ਹੈ ਜਿੱਥੇ ਕੂੜੇ ਦੇ ਵੱਡੇ ਢੇਰ ਲੱਗਣ ਕਾਰਨ ਹਰ ਸਮੇਂ ਰਾਹਗੀਰਾਂ ਨੂੰ ਸੜਕ ਤੱਕ ਫੈਲਿਆ ਕੂੜਾ ਅਤੇ ਕੂੜੇ ਵਿੱਚੋਂ ਨਿਕਲਦੀ ਬਦਬੂ ਵੱਡੀ ਸਮੱਸਿਆ ਬਣੇ ਹੋਏ ਸਨ। ਵਾਰਡ ਵਾਸੀਆਂ ਗੁਰਦੀਪ ਸਿੰਘ, ਮਲਕੀਤ ਸਿੰਘ, ਦੁੱਧ ਦੀ ਅਤੇ ਡੇਅਰੀ ਯੂਨੀਅਨ ਦੇ ਆਗੂ ਤੇਜਿੰਦਰ ਕੁਮਾਰ ਬਿੱਟੂ, ਗਿਆਨੀ ਤਲਵਿੰਦਰ ਸਿੰਘ ਸੰਧਾਰੀ ਮਾਜਰਾ, ਯੂਥ ਆਗੂ ਗੋਲਡੀ ਅਤੇ ਹੋਰਨਾਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇੱਥੇ ਕੂੜੇ ਦਾ ਢੇਰ ਹਟਾਉਣ ਤੋਂ ਬਾਅਦ ਸਾਫ ਸਫਾਈ ਕਰਵਾਉਣ ਲਈ ਵੀ ਕੌਂਸਲਰ ਛਿੱਬਰ ਦਾ ਧੰਨਵਾਦ ਕੀਤਾ। ਉੱਧਰ ਡਬਲਿਯੂਡੀਸੀ ਪ੍ਰਧਾਨ ਅਤੇ ਕੌਂਸਲਰ ਹਰਜਿੰਦਰ ਸਿੰਘ ਛਿੱਬਰ ਨੇ ਕਿਹਾ ਕਿ ਵਾਰਡ ਨੰਬਰ ਨੂੰ ਇੱਕ ਨਮੂਨੇ ਦਾ ਵਾਰਡ ਬਣਾਇਆ ਜਾਵੇਗਾ ਅਤੇ ਸ਼ਹਿਰ ’ਚ ਸਭ ਤੋਂ ਵਧੀਆ ਵਾਰਡ ਹੋਣ ਦੀ ਦਿੱਖ ਦੇਣ ਦੇ ਉਪਰਾਲੇ ਕੀਤੇ ਜਾਣਗੇ। ਉਨਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨਾਂ ਨੂੰ ਅਪੀਲ ਕੀਤੀ ਕਿ ਕੂੜਾ ਕਰਕਟ ਸਿਰਫ ਗਾਰਬੇਜ ਚੈਂਬਰ ’ਚ ਹੀ ਪਾਇਆ ਜਾਵੇ।