ਅਧਿਆਪਕਾਂ ਦਾ ਧਰਨਾ ਚੌਥੇ ਦਿਨ ’ਚ ਦਾਖਲ, ਇਨਸਾਫ਼ ਦੀ ਮੰਗ ’ਤੇ ਅੜੇ ਅਧਿਆਪਕਾਂ ਦਾ ਧਰਨਾ ਚੌਥੇ ਦਿਨ ਵਿੱਚ ਦਾਖਲ
Publish Date: Thu, 22 Oct 2026 05:49 PM (IST)
Updated Date: Thu, 22 Oct 2026 05:51 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਗੰਭੀਰਪੁਰ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ’ਚ 253 ਅਧਿਆਪਕਾਂ ਵੱਲੋਂ ਲਗਾਇਆ ਗਿਆ ਧਰਨਾ ਚੌਥੇ ਦਿਨ ’ਚ ਦਾਖਲ ਹੋ ਗਿਆ ਹੈ। 4161 ਮਾਸਟਰ ਕਾਡਰ ਭਰਤੀ ਨਾਲ ਸਬੰਧਤ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਇਨਸਾਫ਼ ਦੀ ਮੰਗ ਕੀਤੀ। ਧਰਨਾਕਾਰੀ ਅਧਿਆਪਕਾਂ ਨੇ ਦੱਸਿਆ ਕਿ 7 ਮਈ 2026 ਨੂੰ ਤਿੰਨ ਸਾਲਾਂ ਦਾ ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਤੋਂ ਇੱਕ ਦਿਨ ਪਹਿਲਾਂ 253 ਅਧਿਆਪਕਾਂ ਨੂੰ ਸੇਵਾਵਾਂ ਖਤਮ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਇਸ ਮਾਮਲੇ ਨੂੰ ਸਾਢੇ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਨੋਟਿਸ ਰੱਦ ਨਹੀਂ ਕੀਤੇ ਗਏ। ਅਧਿਆਪਕਾਂ ਅਨੁਸਾਰ ਦਸੰਬਰ 2021 ’ਚ 4161 ਮਾਸਟਰ ਕਾਡਰ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਅਗਸਤ 2022 ’ਚ ਪ੍ਰੀਖਿਆ ਕਰਵਾਈ ਗਈ। ਪ੍ਰੀਖਿਆ ਦੀ ਉੱਤਰ ਕੁੰਜੀ ’ਚ ਤਰੁੱਟੀਆਂ ਕਾਰਨ ਮਾਮਲਾ ਹਾਈ ਕੋਰਟ ’ਚ ਪਹੁੰਚਿਆ। ਅਦਾਲਤੀ ਆਦੇਸ਼ਾਂ ’ਤੇ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰਾਂ ਵੱਲੋਂ ਉੱਤਰ ਕੁੰਜੀ ’ਚ ਸੋਧ ਕੀਤੀ ਗਈ, ਜਿਸ ਦੇ ਆਧਾਰ ’ਤੇ ਚੋਣ ਸੂਚੀ ਤਿਆਰ ਕੀਤੀ ਗਈ ਸੀ। ਭਰਤੀ ਮਾਮਲੇ ਦੀ ਸੀ.ਬੀ. ਆਈ. ਜਾਂਚ ਕਰਾਉਣ ਦੀ ਮੰਗ ਧਰਨਾਕਾਰੀਆਂ ਦਾ ਦੋਸ਼ ਹੈ ਕਿ ਮਈ 2026 ’ਚ ਸੋਧੀ ਹੋਈ ਉੱਤਰ ਕੁੰਜੀ ਨੂੰ ਰੱਦ ਕਰਕੇ ਪੁਰਾਣੀ ਉੱਤਰ ਕੁੰਜੀ ਲਾਗੂ ਕਰਨ ਕਾਰਨ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਵੱਧ ਅੰਕ ਪ੍ਰਾਪਤ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਬੇਇਨਸਾਫ਼ੀ ਹੋਈ ਹੈ। ਅਧਿਆਪਕਾਂ ਨੇ ਭਰਤੀ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਇਨਸਾਫ਼ ਨਾ ਮਿਲਣ ’ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਨੂੰ ਜੀਟੀਯੂ, ਡੀਟੀਐੱਫ ਅਤੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਹੈ।