21 ਅਕਤੂਬਰ ਨੂੰ ਬਲਾਕ ਚਮਕੌਰ ਸਾਹਿਬ ਦੇ ਅਧਿਆਪਕ ਲੈਣਗੇ ਸਮੂਹਿਕ ਛੁੱਟੀ 21 ਅਕਤੂਬਰ ਨੂੰ ਬਲਾਕ ਚਮਕੌਰ ਸਾਹਿਬ ਦੇ ਅਧਿਆਪਕ ਲੈਣਗੇ ਸਮੂਹਿਕ ਛੁੱਟੀ
Publish Date: Mon, 19 Oct 2026 04:54 PM (IST)
Updated Date: Mon, 19 Oct 2026 04:57 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੇ ਖਿਲਾਫ 21 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਦਾ ਐਲਾਨ ਕੀਤਾ ਹੋਇਆ ਹੈ। ਜਿਸ ਦੇ ਤਹਿਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਸਕੂਲਾਂ ਨੂੰ ਵਿਜਿਟ ਕੀਤਾ ਅਤੇ ਅਧਿਆਪਕਾਂ ਨੂੰ 21 ਅਕਤੂਬਰ ਦੀ ਸਮੂਹਿਕ ਛੁੱਟੀ ਲੈਣ ਲਈ ਪ੍ਰੇਰਿਤ ਕੀਤਾ। ਪੁਰਾਣੀ ਪੈਨਸ਼ਨ ਦੀ ਬਹਾਲੀ, ਡੀਏ ਦੇ ਬਕਾਏ 15 ਜਨਵਰੀ2015 ਅਤੇ 20 ਜੁਲਾਈ 2020 ਦਾ ਪੱਤਰ ਰੱਦ ਕਰਨ ਅਤੇ ਕੱਚੇ ਅਧਿਆਪਕਾਂ/ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਸਮੁੱਚਾ ਮੁਲਾਜ਼ਮ ਵਰਗ ਸੜਕਾਂ ਤੇ ਉਤਰਿਆ ਹੋਇਆ ਹੈ ਇਸੇ ਤਹਿਤ 21 ਅਕਤੂਬਰ ਨੂੰ ਬਲਾਕ ਚਮਕੌਰ ਸਾਹਿਬ ਦੇ ਸਾਰੇ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਨਾਲ ਪਹਿਲਾਂ ਹੋਈ ਮੀਟਿੰਗ ’ਚ ਮੁੱਖ ਮੰਤਰੀ ਨੇ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਦੁਬਾਰਾ ਮੀਟਿੰਗ ਕਰਕੇ ਰਹਿੰਦੀਆਂ ਮੰਗਾਂ ਦਾ ਨਿਪਟਾਰਾ ਕਰਨ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਨਹੀਂ ਕੀਤਾ ਗਿਆ ਸਗੋਂ ਸਰਕਾਰ ਆਪਣੇ ਅੜੀਅਲ ਵਤੀਰੇ ਕਾਰਨ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਬੇਰੁਖੀ ਦਿਖਾ ਰਹੀ ਹੈ। ਸਮੂਹ ਆਗੂਆਂ ਨੇ ਕਿਹਾ ਕਿ ਇਸ ਦਾ ਖਮਿਆਜਾ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭੁਗਤਣਾ ਪਵੇਗਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਈਟੀਟੀ ਅਧਿਆਪਕ ਯੂਨੀਅਨ ਤੋਂ ਗੁਰਪ੍ਰੀਤ ਸਿੰਘ ਕੈਂਬੋ, ਲੈਕਚਰਾਰ ਯੂਨੀਅਨ ਤੋਂ ਅਵਤਾਰ ਸਿੰਘ ਧਨੋਆ, ਐਲੀਮੈਂਟਰੀ ਟੀਚਰ ਯੂਨੀਅਨ ਤੋਂ ਜਤਿੰਦਰ ਕੁਮਾਰ, ਐਸੋਸੀਏਟ ਅਧਿਆਪਕ ਯੂਨੀਅਨ ਵੱਲੋਂ ਇੰਦਰਜੀਤ ਸਿੰਘ,ਐਸਸੀਬੀਸੀ ਯੂਨੀਅਨ ਤੋਂ ਇੰਦਰਜੀਤ ਸਿੰਘ ਨਾਬਰ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।