ਐੱਸਜੇਐੱਸ ਅਕੈਡਮੀ ਦੀਆਂ ਹੋਣਹਾਰ ਖਿਡਾਰਨਾਂ ਨੇ ਖੇਡ ਮੁਕਾਬਲਿਆਂ ’ਚ ਗੱਡੇ ਝੰਡੇ ਐੱਸਜੇਐੱਸ ਅਕੈਡਮੀ ਦੀਆਂ ਹੋਣਹਾਰ ਖਿਡਾਰਨਾਂ ਨੇ ਖੇਡ ਮੁਕਾਬਲਿਆਂ ’ਚ ਗੱਡੇ ਝੰਡੇ
Publish Date: Wed, 23 Sep 2026 05:38 PM (IST)
Updated Date: Wed, 23 Sep 2026 05:39 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ ਬੇਲਾ: ਸਾਹਿਬਜ਼ਾਦਾ ਜੁਝਾਰ ਸਿੰਘ (ਐੱਸਜੇਐੱਸ) ਅਕੈਡਮੀ ਭੈਰੋਮਾਜਰਾ ਦੀਆਂ ਖਿਡਾਰਨਾਂ ਨੇ ਇੱਕ ਵਾਰ ਫਿਰ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਖਾਲਸਾ ਸਕੂਲ ਸਟੇਡੀਅਮ ਸ੍ਰੀ ਚਮਕੌਰ ਸਾਹਿਬ ਵਿਖੇ ਆਯੋਜਿਤ ਖੇਡ ਮੁਕਾਬਲਿਆਂ ਦੌਰਾਨ ਅਕੈਡਮੀ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਅਕੈਡਮੀ, ਮਾਪਿਆਂ ਅਤੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਖ-ਵੱਖ ਨਾਮਵਰ ਸਕੂਲਾਂ ਅਤੇ ਖੇਡ ਅਕੈਡਮੀਆਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਅੰਡਰ-14 ਉਮਰ ਵਰਗ ਦੀ 400 ਮੀਟਰ ਦੌੜ ਵਿਚ ਅਕੈਡਮੀ ਦੀ ਹੋਣਹਾਰ ਐਥਲੀਟ ਸਹਿਜਪ੍ਰੀਤ ਕੌਰ ਨੇ ਬੇਹੱਦ ਤੇਜ਼ ਰਫ਼ਤਾਰ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰਿਲੇਅ ਰੇਸ ਮੁਕਾਬਲੇ ਵਿਚ ਅਕੈਡਮੀ ਦੀਆਂ ਚਾਰ ਹੋਣਹਾਰ ਐਥਲੀਟਜ਼ ਹਰਲੀਨ ਕੌਰ, ਮਨਮੀਤ ਕੌਰ, ਅਰਸ਼ਪ੍ਰੀਤ ਕੌਰ ਅਤੇ ਮੋਹਪ੍ਰੀਤ ਕੌਰ ਨੇ ਸ਼ਾਨਦਾਰ ਆਪਸੀ ਤਾਲਮੇਲ, ਗਤੀ ਅਤੇ ਟੀਮ ਭਾਵਨਾ ਦਾ ਬਿਹਤਰੀਨ ਮੁਜ਼ਾਹਰਾ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਆਪਣੇ ਨਾਮ ਕੀਤਾ। ਇਨ੍ਹਾਂ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਮੁੱਚੇ ਖੇਡ ਮੈਦਾਨ ਵਿਚ ਅਕੈਡਮੀ ਦਾ ਮਾਣ ਵਧਾ ਦਿੱਤਾ ਅਤੇ ਦਰਸ਼ਕਾਂ ਤੇ ਖੇਡ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਸ਼ਾਨਦਾਰ ਕਾਮਯਾਬੀ ਮੌਕੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਅਕੈਡਮੀ ਦੀ ਕੋਚ ਮਨਜੋਤ ਕੌਰ ਨੇ ਕਿਹਾ ਕਿ ਖੇਡਾਂ ਜਿੱਥੇ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਹਿਮ ਹਨ, ਉੱਥੇ ਹੀ ਇਹ ਬੱਚਿਆਂ ਵਿਚ ਆਤਮ-ਵਿਸ਼ਵਾਸ, ਏਕਤਾ ਅਤੇ ਸਹਿਯੋਗ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਖਿਡਾਰਨਾਂ ਦੀ ਇਹ ਲਗਨ ਆਉਣ ਵਾਲੇ ਸਮੇਂ ਵਿਚ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਹੋਰ ਵੱਡੀਆਂ ਮੱਲਾਂ ਮਾਰੇਗੀ। ਉਨ੍ਹਾਂ ਨੇ ਮਾਪਿਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਮਾਪਿਆਂ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਦਿੱਤਾ ਜਾ ਰਿਹਾ ਸਹਿਯੋਗ ਸ਼ਲਾਘਾਯੋਗ ਹੈ। ਇਸ ਦੌਰਾਨ ਇਨ੍ਹਾਂ ਖਿਡਾਰਨਾਂ ਦੇ ਸਕੂਲ ਪਹੁੰਚਣ ’ਤੇ ਸਕੂਲ ਪ੍ਰਬੰਧਕਾਂ ਤੇ ਸਟਾਫ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।