ਸਕੂਲੀ ਖੇਡਾਂ ’ਚ ਖੋ-ਖੋ ’ਚ ਅੱਵਲ ਵਿਦਿਆਰਥਣਾਂ ਦਾ ਸਨਮਾਨ ਸਕੂਲੀ ਖੇਡਾਂ ’ਚ ਖੋ-ਖੋ ’ਚ ਅੱਵਲ ਰਹੀਆਂ ਤਖਤਗੜ੍ਹ ਸਕੂਲ ਦੀਆਂ ਵਿਦਿਆਰਥਣਾਂ ਦਾ ਸਨਮਾਨ
Publish Date: Sat, 22 Aug 2026 04:55 PM (IST)
Updated Date: Sat, 22 Aug 2026 04:57 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਦੀਆਂ ਵਿਦਿਆਰਥਣਾਂ ਨੇ ਖੋ-ਖੋ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਦਾ ਅੱਜ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਕੂਲ ਮੁੱਖੀ ਮੈਡਮ ਪਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਖੋ-ਖੋ ਦੇ ਅੰਡਰ-14 ਵਰਗ ਵਿੱਚ ਸਕੂਲ ਦੀ ਟੀਮ ਨੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-17 ਵਰਗ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁੱਖੀ ਨੇ ਕਿਹਾ ਕਿ ਵਿਦਿਆਰਥਣਾਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਲਗਨ, ਮਿਹਨਤ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਜੇਤੂ ਖਿਡਾਰਨਾਂ ਨੂੰ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਖੋ-ਖੋ ਦੀ ਕੋਚ ਮੈਡਮ ਸਤਵੰਤ ਕੌਰ ਨੂੰ ਵੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਕੂਲ ਮੁੱਖੀ ਮੈਡਮ ਪਰਮਜੀਤ ਕੌਰ ਅਤੇ ਸਮੂਹ ਸਕੂਲ ਸਟਾਫ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਸਟਾਫ ਨੇ ਕਿਹਾ ਕਿ ਖਿਡਾਰਨਾਂ ਦੀ ਇਹ ਉਪਲਬਧੀ ਹੋਰਨਾਂ ਵਿਦਿਆਰਥਣਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ। ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਸੀ।