ਸਿਹਤ ਟੀਮ ਵੱਲੋਂ ਡੇਂਗੂ ਸਬੰਧੀ ਸਰਵੇ ਤੇ ਕੀਤੀ ਫੋਗਿੰਗ ਪਿੰਡ ਬੱਸੀ ਗੁੱਜਰਾਂ ਵਿਖੇ ਸਿਹਤ ਟੀਮ ਵੱਲੋਂ ਡੇਂਗੂ ਸਬੰਧੀ ਸਰਵੇ ਤੇ ਕੀਤੀ ਫੋਗਿੰਗ
Publish Date: Mon, 19 Oct 2026 03:55 PM (IST)
Updated Date: Mon, 19 Oct 2026 03:57 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਸਿਹਤ ਵਿਭਾਗ ਵੱਲੋਂ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡ ਬੱਸੀ ਗੁੱਜਰਾਂ ਵਿਖੇ ਡੇਂਗੂ ਸਬੰਧੀ ਸਰਵੇ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਘਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਮੱਛਰਾਂ ਦੀ ਪੈਦਾਵਾਰ ਰੋਕਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਫੌਗਿੰਗ ਕਰਵਾਉਣ ਦੇ ਨਾਲ-ਨਾਲ ਮੱਛਰਾਂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਲਾਰਵੀਸਾਈਡ ਸਪਰੇਅ ਅਤੇ ਫੋਗਿੰਗ ਕੀਤੀ ਗਈ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਵਿੰਦਰ ਸਿੰਘ ਨੇ ਕਿਹਾ ਕਿ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਸਿਰਫ਼ ਇਲਾਜ ਹੀ ਨਹੀਂ, ਸਗੋਂ ਪਹਿਲਾਂ ਤੋਂ ਹੀ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਘਰਾਂ, ਦੁਕਾਨਾਂ, ਵਿਹੜਿਆਂ ਅਤੇ ਖਾਲੀ ਪਲਾਟਾਂ ਵਿਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੂਲਰਾਂ, ਗਮਲਿਆਂ ਦੀਆਂ ਪਲੇਟਾਂ, ਪਾਣੀ ਵਾਲੀਆਂ ਟਰੇਆਂ, ਪੁਰਾਣੇ ਟਾਇਰਾਂ ਅਤੇ ਹੋਰ ਬੇਕਾਰ ਪਈਆਂ ਵਸਤਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ। ਪਾਣੀ ਦੀਆਂ ਟੈਂਕੀਆਂ ਅਤੇ ਬਰਤਨਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ। ਇਸ ਮੌਕੇ ਤੇ ਕੁਲਵੀਰ ਸਿੰਘ ਹੈਲਥ ਸੁਪਰਵਾਈਜਰ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੱਛਰਾਂ ਤੋਂ ਬਚਾਅ ਦੇ ਉਚਿਤ ਉਪਾਅ ਕਰਨੇ ਚਾਹੀਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਸਰੀਰ ਵਿਚ ਦਰਦ ਜਾਂ ਹੋਰ ਸ਼ੱਕੀ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਹੀਂ ਲੈਣੀ ਚਾਹੀਦੀ। ਇਸ ਮੌਕੇ ਤੇ ਸੀਐਚਓ ਡਾ.ਰੀਤੂ, ਏਐੱਨਐੱਮ ਅਨੀਤਾ ਰਾਣੀ,ਹੈਲਥ ਵਰਕਰ ਗੁਰਦੀਪ ਸਿੰਘ, ਪਰਮਜੀਤ ਸਿੰਘ, ਆਸ਼ਾ ਵਰਕਰ ਊਸ਼ਾ ਰਾਣੀ, ਲਖਵੀਰ ਕੌਰ, ਸ਼ਰਮਪ੍ਰੀਤ ਬ੍ਰੀਡ ਚੈੱਕਰ ਅਤੇ ਸਾਹਿਬਜੋਤ ਸਿੰਘ ਹਾਜ਼ਰ ਸਨ।