ਗੁਰਮਤਿ ਕੁਇਜ਼ ਮੁਕਾਬਲੇ ’ਚ ਸੁਖਪ੍ਰੀਤ ਨੇ ਜਿੱਤਿਆ 1 ਲੱਖ ਦਾ ਇਨਾਮ ਅਕਾਲ ਅਕੈਡਮੀ ਦੀ ਸੁਖਪ੍ਰੀਤ ਕੌਰ ਨੇ ਜਿੱਤਿਆ ਇੱਕ ਲੱਖ ਰੁਪਏ ਦਾ ਨਕਦ ਇਨਾਮ
Publish Date: Wed, 14 Oct 2026 04:30 PM (IST)
Updated Date: Wed, 14 Oct 2026 04:33 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ : ਅਕਾਲ ਅਕੈਡਮੀ ਕਮਾਲਪੁਰ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਗੁਰੂ ਕੀ ਰਸੋਈ, ਹੁਸ਼ਿਆਰਪੁਰ ਵੱਲੋਂ ਕਰਵਾਏ ਗਏ ਗੁਰਮਤਿ ਕੁਇਜ਼ ਸਵਾਲ ਜਵਾਬ ਸੀਨੀਅਰ ਗਰੁੱਪ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਇੱਕ ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਇਸੇ ਜਮਾਤ ਦੀ ਵਿਦਿਆਰਥਣ ਜਸਲੀਨ ਕੌਰ ਨੇ ਵੀ 1,000 ਰੁਪਏ ਦਾ ਨਕਦ ਇਨਾਮ ਜਿੱਤ ਕੇ ਅਕੈਡਮੀ ਦਾ ਮਾਣ ਵਧਾਇਆ। ਇਸ ਸ਼ਾਨਦਾਰ ਪ੍ਰਾਪਤੀ ਦੀ ਖੁਸ਼ੀ ਸਾਂਝੀ ਕਰਨ ਲਈ ਸੁਖਪ੍ਰੀਤ ਕੌਰ ਅਤੇ ਉਸ ਦੇ ਮਾਪਿਆਂ ਨੂੰ ਅਕੈਡਮੀ ਵਿਖੇ ਸੱਦਾ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੁਖਪ੍ਰੀਤ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਸ ਨੂੰ ਅਤੇ ਉਸ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ ਗਈ। ਸੁਖਪ੍ਰੀਤ ਕੌਰ ਦੀ ਇਹ ਸ਼ਾਨਦਾਰ ਪ੍ਰਾਪਤੀ ਉਸ ਦੀ ਲਗਨ, ਮਿਹਨਤ, ਅਨੁਸ਼ਾਸਨ ਅਤੇ ਗੁਰਮਤਿ ਪ੍ਰਤੀ ਡੂੰਘੀ ਰੁਚੀ ਦਾ ਨਤੀਜਾ ਹੈ। ਉਸ ਨੇ ਨਿਰੰਤਰ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਇਹ ਮੁਕਾਮ ਹਾਸਲ ਕਰਕੇ ਅਕੈਡਮੀ ਦਾ ਮਾਣ ਵਧਾਇਆ ਹੈ। ਉਸ ਦੀ ਇਹ ਸਫ਼ਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਸੱਚੀ ਲਗਨ, ਲਗਾਤਾਰ ਯਤਨ ਅਤੇ ਗੁਰਮਤਿ ਪ੍ਰਤੀ ਸਮਰਪਣ ਨਾਲ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਹ ਪ੍ਰਾਪਤੀ ਸਿਰਫ਼ ਇੱਕ-ਦੋ ਦਿਨਾਂ ਦੀ ਤਿਆਰੀ ਦਾ ਨਤੀਜਾ ਨਹੀਂ, ਸਗੋਂ ਅਕਾਲ ਅਕੈਡਮੀ ’ਚ ਨਰਸਰੀ ਤੋਂ ਹੀ ਬੱਚਿਆਂ ਨੂੰ ਗੁਰਮਤਿ, ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਅਕੈਡਮੀ ’ਚ ਵਿਦਿਆਰਥੀਆਂ ਨੂੰ ਸ਼ੁਰੂਆਤੀ ਜਮਾਤਾਂ ਤੋਂ ਹੀ ਆਪਣੇ ਅਮੀਰ ਵਿਰਸੇ, ਸਿੱਖ ਕਦਰਾਂ-ਕੀਮਤਾਂ ਅਤੇ ਗੁਰਮਤਿ ਸਿੱਖਿਆ ਨਾਲ ਜੋੜਿਆ ਜਾਂਦਾ ਹੈ, ਤਾਂ ਜੋ ਉਹ ਨਾ ਸਿਰਫ਼ ਪੜ੍ਹਾਈ ’ਚ ਸਫ਼ਲ ਹੋਣ, ਸਗੋਂ ਆਪਣੇ ਧਰਮ ਅਤੇ ਵਿਰਸੇ ਦੀ ਸਹੀ ਜਾਣਕਾਰੀ ਰੱਖਣ ਵਾਲੇ ਚੰਗੇ ਇਨਸਾਨ ਵੀ ਬਣ ਸਕਣ। ਸੁਖਪ੍ਰੀਤ ਕੌਰ ਅਤੇ ਜਸਲੀਨ ਕੌਰ ਦੀਆਂ ਇਹ ਪ੍ਰਾਪਤੀਆਂ ਅਕੈਡਮੀ ਵੱਲੋਂ ਦਿੱਤੀ ਜਾ ਰਹੀ ਗੁਰਮਤਿ ਸਿੱਖਿਆ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਸੁੰਦਰ ਪ੍ਰਮਾਣ ਹਨ। ਇਹ ਸਫ਼ਲਤਾ ਦਰਸਾਉਂਦੀ ਹੈ ਕਿ ਬੱਚਿਆਂ ਅੰਦਰ ਗੁਰਮਤਿ ਦੀ ਸਮਝ ਅਤੇ ਆਪਣੇ ਵਿਰਸੇ ਪ੍ਰਤੀ ਸਤਿਕਾਰ ਪੈਦਾ ਕਰਨਾ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ, ਜਿਸ ਦੇ ਸ਼ਾਨਦਾਰ ਨਤੀਜੇ ਸਮੇਂ ਦੇ ਨਾਲ ਸਾਹਮਣੇ ਆਉਂਦੇ ਹਨ। ਅਕਾਲ ਅਕੈਡਮੀ ਦਾ ਸਮੂਹ ਸਟਾਫ਼ ਅਤੇ ਪ੍ਰਬੰਧਕ ਦੋਵਾਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਉਨ੍ਹਾਂ ਨੂੰ ਮਾਰਗਦਰਸ਼ਨ ਦੇਣ ਵਾਲੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੰਦੇ ਹਨ ਅਤੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਜੀ ਇਨ੍ਹਾਂ ਬੱਚੀਆਂ ਨੂੰ ਭਵਿੱਖ ’ਚ ਵੀ ਇਸੇ ਤਰ੍ਹਾਂ ਸਫ਼ਲਤਾਵਾਂ ਬਖ਼ਸ਼ਣ ਅਤੇ ਆਪਣੇ ਗੁਰਮਤਿ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦੇਣ।