ਮਿਹਨਤ ਤੇ ਲਗਨ ਨਾਲ ਹੀ ਸਫ਼ਲਤਾ ਸੰਭਵ: ਐਡਵੋਕੇਟ ਭਲਿਆਣ ਮਿਹਨਤ ਅਤੇ ਲਗਨ ਨਾਲ ਹੀ ਸਫ਼ਲਤਾ ਦੀਆਂ ਬੁਲੰਦੀਆਂ ਛੂਹੀਆਂ ਜਾ ਸਕਦੀਆਂ ਹਨ: ਐਡਵੋਕੇਟ ਮਹਿੰਦਰ ਸਿੰਘ ਭਲਿਆਣ
Publish Date: Sat, 07 Nov 2026 02:56 PM (IST)
Updated Date: Sat, 07 Nov 2026 02:59 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਉੱਘੇ ਸਮਾਜ ਸੇਵੀ ਮਾਸਟਰ ਅਥਲੀਟ ਤੇ ਐਡਵੋਕੇਟ ਮਹਿੰਦਰ ਸਿੰਘ ਭਲਿਆਣ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਹਾਈ ਸਕੂਲ ਭਲਿਆਣ ਦੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਿਛਲੇ ਵਿੱਦਿਅਕ ਸੈਸ਼ਨ ਦੌਰਾਨ ਬੋਰਡ ਦੀਆਂ ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤਾਂ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਖੇਡਾਂ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਆਪਣੀ ਨੇਕ ਕਮਾਈ ’ਚੋਂ ਨਗਦ ਰਾਸ਼ੀ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕ ਐਮਪੀ. ਸਿੰਘ ਨੇ ਦੱਸਿਆ ਕਿ ਐਡਵੋਕੇਟ ਮਹਿੰਦਰ ਸਿੰਘ ਭਲਿਆਣ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਹਿੰਦਰ ਸਿੰਘ ਵੱਲੋਂ ਜਲਦੀ ਹੀ ਅਧਿਆਪਕਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਮਹਿੰਦਰ ਸਿੰਘ ਭਲਿਆਣ ਨੇ ਆਪਣੇ ਜੀਵਨ ਦੇ ਸੰਘਰਸ਼ ਤੇ ਕਰੜੀ ਮਿਹਨਤ ਦੇ ਤਜ਼ਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਉੱਚ ਵਿੱਦਿਅਕ ਯੋਗਤਾਵਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਸਫ਼ਲਤਾ ਪ੍ਰਾਪਤ ਕਰਨ ਲਈ ਕੋਈ ਸ਼ਾਰਟਕੱਟ ਨਹੀਂ ਹੁੰਦਾ, ਸਗੋਂ ਨਿਰੰਤਰ ਮਿਹਨਤ ਹੀ ਮਨੁੱਖ ਨੂੰ ਮੰਜ਼ਿਲ ਤੱਕ ਪਹੁੰਚਾਉਂਦੀ ਹੈ। ਉਨ੍ਹਾਂ ਬੱਚਿਆਂ ਨੂੰ ਜੀਵਨ ’ਚ ਉੱਚੀਆਂ ਬੁਲੰਦੀਆਂ ਛੂਹਣ, ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕਰਨ ਦੇ ਨਾਲ-ਨਾਲ ਨਸ਼ਿਆਂ ਤੋਂ ਹਮੇਸ਼ਾ ਦੂਰ ਰਹਿਣ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਮੁੱਖ ਅਧਿਆਪਕ ਰਾਜਵਿੰਦਰ ਸਿੰਘ ਗਿੱਲ, ਨਿਰਮਲ ਸਿੰਘ, ਜਸਵੀਰ ਸਿੰਘ, ਮੈਡਮ ਬਬੀਤਾ ਸ਼ਰਮਾ, ਰੁਪਿੰਦਰ ਕੌਰ, ਰਵਿੰਦਰ ਕੌਰ, ਮਿੰਨੀ ਸ਼ਰਮਾ, ਮਮਤਾ ਰਾਣੀ, ਸੈਂਟਰ ਹੈੱਡ ਟੀਚਰ ਕਮਲਜੀਤ ਕੌਰ, ਆਂਗਣਵਾੜੀ ਵਰਕਰ ਮਨਜੀਤ ਕੌਰ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।