ਵਿਦਿਆਰਥੀਆਂ ਨੇ ਜੈਪੁਰ ਦਾ ਇਤਿਹਾਸਿਕ ਟੂਰ ਲਾਇਆ
ਵਿਦਿਆਰਥੀਆਂ ਨੇ ਲਾਇਆ ਜੈਪੁਰ ਦਾ ਇਤਿਹਾਸਿਕ ਟੂਰ
Publish Date: Sun, 22 Feb 2026 04:05 PM (IST)
Updated Date: Mon, 23 Feb 2026 04:01 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੀਐਮ ਸ਼੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਹਾਈ ਸਕੂਲ ਮਟੌਰ ਵੱਲੋਂ ਵਿਦਿਆਰਥੀਆਂ ਲਈ ਰਾਜਸਥਾਨ ਦੀ ਰਾਜਧਾਨੀ ਪਿੰਕ ਸਿਟੀ ਜੈਪੁਰ ਦਾ ਵਿਦਿਅਕ ਟੂਰ ਆਯੋਜਿਤ ਕੀਤਾ ਗਿਆ। ਇਸ ਦੌਰੇ ਵਿਚ ਸਕੂਲ ਦੇ ਲਗਭਗ 50 ਹੋਣਹਾਰ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਤਿਹਾਸਿਕ, ਵਿਗਿਆਨਿਕ ਅਤੇ ਸੰਸਕ੍ਰਿਤਿਕ ਵਿਰਾਸਤ ਨਾਲ ਜਾਣੂ ਹੋਣ ਦਾ ਮੌਕਾ ਪ੍ਰਾਪਤ ਕੀਤਾ। ਟੂਰ ਦੌਰਾਨ ਵਿਦਿਆਰਥੀਆਂ ਨੇ ਜੰਤਰ ਮੰਤਰ, ਖੋਜ ਵਿਗਿਆਨ ਕੇਂਦਰ, ਤਕਨੀਕੀ ਪਾਰਕ, ਜਲ ਮਹਿਲ, ਹਵਾ ਮਹਿਲ, ਅਜਮੇਰ ਫੋਰਟ, ਨਾਹਰਗੜ੍ਹ ਫੋਰਟ ਅਤੇ ਬਿਰਲਾ ਪਲੈਨਟੇਰੀਅਮ ਵਰਗੀਆਂ ਪ੍ਰਸਿੱਧ ਥਾਵਾਂ ਦਾ ਦੌਰਾ ਕੀਤਾ। ਅਧਿਆਪਕਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਇਨ੍ਹਾਂ ਸਥਾਨਾਂ ਦੀ ਇਤਿਹਾਸਿਕ ਮਹੱਤਤਾ, ਵਿਗਿਆਨਿਕ ਉਪਲਬਧੀਆਂ ਅਤੇ ਵਾਸਤੁਕਲਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਗੁਰਜਤਿੰਦਰਪਾਲ ਸਿੰਘ ਗਨੂਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਕਲਾਸਰੂਮ ਅਧਿਆਪਨ ਦੇ ਨਾਲ ਮੈਦਾਨੀ ਅਨੁਭਵ ਵਿਦਿਆਰਥੀਆਂ ਦੀ ਸਮਝ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਜੈਪੁਰ ਦੀ ਇਤਿਹਾਸਿਕ ਧਰਤੀ ਅਤੇ ਵਿਗਿਆਨਿਕ ਸੰਸਥਾਵਾਂ ਦੇ ਦੌਰੇ ਨਾਲ ਵਿਦਿਆਰਥੀਆਂ ਵਿਚ ਖੋਜੀ ਸੋਚ, ਆਤਮ ਵਿਸ਼ਵਾਸ ਅਤੇ ਨਵੀਂ ਜਾਣਕਾਰੀ ਪ੍ਰਾਪਤ ਕਰਨ ਦੀ ਲਗਨ ਵਿਚ ਵਾਧਾ ਹੋਇਆ ਹੈ। ਉਨ੍ਹਾਂ ਹੋਰ ਕਿਹਾ ਕਿ ਸਕੂਲ ਪ੍ਰਬੰਧਨ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਗਿਆਨ ਭਰਪੂਰ ਵਿਦਿਅਕ ਟੂਰ ਕਰਾਉਂਦਾ ਰਹੇਗਾ ਤਾਂ ਜੋ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਤਜਰਬੇਕਾਰ ਸਿੱਖਿਆ ਵੀ ਪ੍ਰਾਪਤ ਹੋ ਸਕੇ। ਇਹ ਵਿਦਿਅਕ ਟੂਰ ਵਿਦਿਆਰਥੀਆਂ ਲਈ ਯਾਦਗਾਰੀ ਅਤੇ ਪ੍ਰੇਰਨਾਦਾਇਕ ਸਾਬਤ ਹੋਇਆ। ਐੱਸਐੱਮਸੀ ਦੇ ਮੈਂਬਰਾਂ ਨੇ ਵੀ ਇਸ ਟੂਰ ਦੀ ਸਲਾਹਣਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਦੌਰਿਆਂ ਨਾਲ ਵਿਦਿਆਰਥੀਆਂ ਨੂੰ ਵਧੀਆ ਸਿੱਖਿਆਦਾਇਕ ਤੇ ਪ੍ਰਯੋਗਾਤਮਕ ਜਾਣਕਾਰੀ ਮਿਲਦੀ ਹੈ।