ਕਲੱਸਟਰ ਸੋਲਖੀਆਂ ਦੇ ਵਿੱਦਿਅਕ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ ਕਲੱਸਟਰ ਸੋਲਖੀਆਂ ਦੇ ਵਿੱਦਿਅਕ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ
Publish Date: Sun, 15 Nov 2026 03:47 PM (IST)
Updated Date: Sun, 15 Nov 2026 03:48 PM (IST)
ਵੱਖ-ਵੱਖ ਮੁਕਾਬਲਿਆਂ ’ਚ ਦੁਲਚੀਮਾਜਰਾ, ਸੋਲਖੀਆਂ ਤੇ ਪਥਰੇੜੀ ਰਾਜਪੂਤਾਂ ਦੇ ਵਿਦਿਆਰਥੀ ਰਹੇ ਅੱਵਲ ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਲੱਸਟਰ ਸੋਲਖੀਆਂ ਅਧੀਨ ਆਉਂਦੇ ਸਾਰੇ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਕਲੱਸਟਰ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ ਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਸੈਂਟਰ ਹੈੱਡ ਟੀਚਰ ਜਗਦੀਪ ਸਿੰਘ ਝੱਲੀਆਂ ਦੀ ਅਗਵਾਈ ਹੇਠ ਕਰਵਾਏ ਇਨ੍ਹਾਂ ਮੁਕਾਬਲਿਆਂ ਦੌਰਾਨ ਸੈਂਟਰ ਦੇ ਹੈੱਡ ਟੀਚਰਾਂ ਗੁਰਮੀਤ ਸਿੰਘ, ਗੁਰਪ੍ਰੀਤ ਕੌਰ ਤੇ ਸੁਖਦੀਪ ਕੌਰ ਦੀ ਟੀਮ ਵੱਲੋਂ ਵੱਖ-ਵੱਖ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਮੁਕਾਬਲਿਆਂ ’ਚ ਆਮ ਗਿਆਨ, ਪਹਾੜੇ ਸੁਣਾਉਣ, ਸੁੰਦਰ ਲਿਖਾਈ, ਡਰਾਇੰਗ ਤੇ ਪੇਂਟਿੰਗ, ਤਸਵੀਰ ਵਰਣਨ, ਭਾਸ਼ਣ ਤੇ ਪੰਜਾਬੀ ਬੋਲ ਲਿਖਤ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਆਮ ਗਿਆਨ ਤੇ ਪਹਾੜੇ ਸੁਣਾਉਣ ’ਚ ਸਰਕਾਰੀ ਸਕੂਲ ਦੁਲਚੀਮਾਜਰਾ, ਭਾਸ਼ਣ ਤੇ ਪੰਜਾਬੀ ਬੋਲ ਲਿਖਤ ’ਚ ਸਕੂਲ ਸੋਲਖੀਆਂ, ਜਦਕਿ ਤਸਵੀਰ ਵਰਣਨ ’ਚ ਸਕੂਲ ਪਥਰੇੜੀ ਰਾਜਪੂਤਾਂ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਸੈਂਟਰ ਹੈੱਡ ਟੀਚਰ ਜਗਦੀਪ ਸਿੰਘ ਝੱਲੀਆਂ ਨੇ ਕਿਹਾ ਕਿ ਅਜਿਹੇ ਵਿੱਦਿਅਕ ਮੁਕਾਬਲੇ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਨਿਖਾਰਨ, ਆਤਮ-ਵਿਸ਼ਵਾਸ ਵਧਾਉਣ ਤੇ ਸਿੱਖਣ ਦੀ ਰੁਚੀ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਮੂਹ ਅਧਿਆਪਕਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਬਲਾਕ ਰਿਸੋਰਸ ਪਰਸਨ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਇੰਦਰਜੀਤ ਕੌਰ, ਅਕਵਿੰਦਰ ਕੌਰ, ਕੁਲਵਿੰਦਰ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਰਮਨਦੀਪ ਸ਼ਰਮਾ ਤੇ ਅੰਮੁਲ ਕੰਬੋਜ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ।