ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਾਰਾਪੁਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਾਰਾਪੁਰ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ
Publish Date: Sun, 01 Nov 2026 05:38 PM (IST)
Updated Date: Sun, 01 Nov 2026 05:41 PM (IST)
ਹੋਣਹਾਰ ਖਿਡਾਰੀਆਂ ਨੂੰ ਮੈਡਲ ਦੇ ਕੇ ਕੀਤਾ ਸਨਮਾਨਿਤ, ਸਕੂਲ ਤੇ ਪਿੰਡ ਦਾ ਨਾਮ ਕੀਤਾ ਰੌਸ਼ਨ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਾਰਾਪੁਰ ਦੇ ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦਿਆਂ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਕਵਿਤਾ ਤੇ ਸਕੂਲ ਦੇ ਹੈੱਡ ਟੀਚਰ ਬਲਵਿੰਦਰ ਸਿੰਘ ਲੋਦੀਪੁਰ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਭਵਿੱਖ ’ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਦੱਸਿਆ ਗਿਆ ਕਿ ਸਕੂਲ ਦੇ ਵਿਦਿਆਰਥੀ ਸਿਮਰਨ ਕੌਰ, ਰਿਤਿਕਾ, ਹਨੀ ਸਿੰਘ, ਮਨਕੀਰਤ ਸਿੰਘ ਤੇ ਸਮਰ ਨੇ ਸ਼ਤਰੰਜ ਤੇ ਬੈਡਮਿੰਟਨ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕੀਤਾ ਤੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਤੀਨਿਧਤਾ ਕੀਤੀ। ਇਸ ਤੋਂ ਇਲਾਵਾ ਇਨ੍ਹਾਂ ਖਿਡਾਰੀਆਂ ਨੇ ਬਜਰੂੜ ਵਿਖੇ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਪੇਂਡੂ ਖੇਤਰਾਂ ਦੇ ਬੱਚਿਆਂ ਨੂੰ ਵੀ ਆਪਣੀ ਪ੍ਰਤਿਭਾ ਨਿਖਾਰਨ ਦੇ ਵਧੀਆ ਮੌਕੇ ਮਿਲ ਰਹੇ ਹਨ। ਹੈੱਡ ਟੀਚਰ ਬਲਵਿੰਦਰ ਸਿੰਘ ਲੋਦੀਪੁਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫ਼ਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ, ਅਨੁਸ਼ਾਸਨ ਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਰਾਹੀਂ ਬੱਚਿਆਂ ’ਚ ਆਤਮ-ਵਿਸ਼ਵਾਸ, ਅਨੁਸ਼ਾਸਨ ਤੇ ਟੀਮ ਭਾਵਨਾ ਵਿਕਸਿਤ ਹੁੰਦੀ ਹੈ। ਉਨ੍ਹਾਂ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਗੁਰਦਰਸ਼ਨ ਸਿੰਘ, ਗੁਲਸ਼ਨ ਕੁਮਾਰ, ਰੋਜ਼ੀ ਰਾਣੀ, ਜੋਤੀ ਦੇਵੀ, ਨੇਹਾ ਸਮੇਤ ਹੋਰ ਪਤਵੰਤੇ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।