ਬਾਬਾ ਗੁਰਦਿੱਤਾ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਇੰਡਸ ਯੂਨੀਵਰਸਿਟੀ ਮੁਕਾਬਲਿਆਂ ’ਚ ਬਾਬਾ ਗੁਰਦਿੱਤਾ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Publish Date: Thu, 08 Oct 2026 04:36 PM (IST)
Updated Date: Thu, 08 Oct 2026 04:38 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਦੇ ਵਿਦਿਆਰਥੀਆਂ ਨੇ ਇੰਡਸ ਇੰਟਰਨੈਸ਼ਨਲ ਯੂਨੀਵਰਸਿਟੀ, ਬਾਥੂ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ’ਚ ਉਤਸ਼ਾਹ ਨਾਲ ਭਾਗ ਲੈਂਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਡਾਇਰੈਕਟਰ ਰਜਿੰਦਰ ਕਿਸਾਨਾਂ ਦੀ ਅਗਵਾਈ ਹੇਠ ਲਗਭਗ 100 ਵਿਦਿਆਰਥੀਆਂ ਅਤੇ ਸਮੂਹ ਸਟਾਫ ਨੇ ਇਸ ਸਮਾਗਮ ’ਚ ਸ਼ਿਰਕਤ ਕੀਤੀ। ਯੂਨੀਵਰਸਿਟੀ ਵੱਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਰੀਬ 40 ਸਕੂਲਾਂ ਦੇ ਵਿਦਿਆਰਥੀਆਂ ਲਈ ਕਲਚਰਲ, ਖੇਡਾਂ, ਡਰਾਇੰਗ, ਲੇਖ-ਲਿਖਣ ਸਮੇਤ 24 ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਇਨ੍ਹਾਂ ਮੁਕਾਬਲਿਆਂ ’ਚ ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਝ ਮੁਕਾਬਲਿਆਂ ’ਚ ਪਹਿਲਾ ਸਥਾਨ, ਜਦਕਿ ਕਈ ਮੁਕਾਬਲਿਆਂ ’ਚ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐੱਸ.ਪੀ. ਊਨਾ ਸਚਿਨ ਹੀਰੇਮਠ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਰਜਿੰਦਰ ਕਿਸਾਨਾਂ ਨੇ ਇੰਡਸ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੰਜੇ ਬੈਹਿਲ ਅਤੇ ਰਜਿਸਟਰਾਰ ਡਾ. ਜਗਦੇਵ ਸਿੰਘ ਰਾਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਪ੍ਰਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਵਾਈਸ ਪ੍ਰਿੰਸੀਪਲ ਸਿਮਰਨ ਕਿਸਾਨਾਂ, ਕੋਆਰਡੀਨੇਟਰ ਸੰਜੀਵ ਕੁਮਾਰ, ਸੁਖਬੀਰ ਸਿੰਘ, ਮਨਦੀਪ ਸਿੰਘ, ਮੀਨਾ ਦੇਵੀ, ਹਰਸ਼ਦੀਪ ਕੌਰ, ਰਮਨਦੀਪ ਕੌਰ, ਤਾਨੀਆ ਸ਼ਰਮਾ, ਮਨੀਸ਼ਾ, ਰੁਪਿੰਦਰ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।