ਕੰਨਿਆਂ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ 3 ਰੋਜ਼ਾ ਨੇਚਰ ਕੈਂਪ ਕੰਨਿਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਲਾਇਆ ਤਿੰਨ ਰੋਜ਼ਾ ਨੇਚਰ ਕੈਂਪ
Publish Date: Sat, 24 Oct 2026 05:59 PM (IST)
Updated Date: Sat, 24 Oct 2026 06:01 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸਿੱਖਿਆ ਵਿਭਾਗ ਪੰਜਾਬ ਅਤੇ ਵਾਤਾਵਰਨ ਸਿੱਖਿਆ ਦੇ ਯਤਨਾਂ ਸਦਕਾ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਇੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੂਪਨਗਰ ਦੇ ਪੰਜ ਸਕੂਲਾਂ ਦੇ 52 ਵਿਦਿਆਰਥੀਆਂ ਦਾ ਨੇਚਰ ਕੈਂਪ ਮੋਰਨੀ ਹਿਲ ਸਾਈਟ ਵਿਖੇ ਲਗਾਇਆ ਗਿਆ। ਇਸ ਕੈਂਪ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ 13 ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਿੱਧੇ ਤੌਰ ਤੇ ਕੁਦਰਤ ਨਾਲ ਜੁੜਨ ਤੇ ਕੁਦਰਤੀ ਨਜ਼ਾਰੇ ਮਾਨਣ ਦਾ ਮੌਕਾ ਮਿਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਵਾਤਾਵਰਨ ਸੰਭਾਲ ,ਪੌਦਿਆਂ ਅਤੇ ਪ੍ਰਾਣੀਆਂ ਦੀਆਂ ਵੱਖ ਵੱਖ ਪ੍ਰਜਾਤੀਆਂ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ । ਵਿਦਿਆਰਥੀਆਂ ਦੇ ਇਸ ਤਿੰਨ ਰੋਜ਼ਾ ਕੈਂਪ ਦੀ ਸਵੇਰ ਦੀ ਸ਼ੁਰੂਆਤ ਯੋਗਾ ਗਤੀਵਿਧੀਆਂ ਤੋਂ ਕਰਵਾਈ ਗਈ । ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਜੰਗਲ ਵਿੱਚ ਟਰੈਕਿੰਗ ਕਰਵਾਈ ਗਈ, ਜਿੱਥੇ ਵਿਦਿਆਰਥੀਆਂ ਨੇ ਵੱਖ-ਵੱਖ ਕਿਸਮ ਦੇ ਪੌਦਿਆਂ ਦੇ ਪੱਤੇ ਚੁਣ ਕੇ ਉਨਾਂ ਦੀਆਂ ਪ੍ਰਜਾਤੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ,ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਖੇਤਾਂ ’ਚ ਜਾ ਕੇ ਪੌੜੀਦਾਰ ਅਤੇ ਆਰਗੈਨਿਕ ਖੇਤੀ ਬਾਰੇ ਵੀ ਜਾਣਿਆ। ਵਿਦਿਆਰਥੀ ਨੂੰ ਮੋਰਨੀ ਹਿਲ ਕਿਲ੍ਹੇ ’ਚ ਸੰਬੰਧਿਤ ਵਾਤਾਵਰਨ ਜਾਗਰੂਕਤਾ ਸਬੰਧੀ ਮਿਊਜ਼ਅਮ ਦਾ ਦੌਰਾ ਕਰਵਾਇਆ ਗਿਆ, ਜਿੱਥੇ ਵਿਦਿਆਰਥੀਆਂ ਨੂੰ ਮੋਰਨੀ ਹਿਲ ਦੇ ਇਤਿਹਾਸ ਬਾਰੇ ਵੀ ਜਾਣ ਕਰਵਾਇਆ ਗਿਆ। ਇਸ ਤੋਂ ਇਲਾਵਾ ਕੈਂਪ ਦੇ ਵੱਖ-ਵੱਖ ਦਿਨਾਂ ਵਿੱਚ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ, ਰੋਮਾਚਕ ਖੇਡਾਂ ਸਕਾਈ ਸਾਈਕਲਿੰਗ, ਜਿਪਲਾਈਨ, ਲੈਡਰ ਕਰੋਸਿੰਗ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਰੁਚੀ ਨਾਲ ਸਭ ਖੇਡਾਂ ’ਚ ਭਾਗ ਲਿਆ। ਕੈਂਪ ’ਚ ਕੰਨਿਆ ਸਕੂਲ ਰੂਪਨਗਰ ਦੇ ਦੋ ਗਾਈਡ ਅਧਿਆਪਕ ਸੁਮਨ ਲਤਾ ,ਅਮਰ ਲਤਾ ਨੇ ਤਿੰਨ ਦਿਨ ਵਿਦਿਆਰਥੀਆਂ ਦੀ ਅਗਵਾਈ ਕੀਤੀ । ਪ੍ਰਿੰਸੀਪਲ ਸੰਦੀਪ ਕੌਰ ਕੈਂਪ ਦੌਰਾਨ ਮੋਰਨੀ ਹਿਲ ਨੇਚਰ ਕੈਂਪ ਸਾਈਟ ਵਿਖੇ ਹਾਜ਼ਰ ਰਹੇ। ਉਨਾਂ ਸਾਰੇ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਪ੍ਰਬੰਧਕ ਟੀਮ ਦੀ ਸ਼ਲਾਘਾ ਕੀਤੀ। ਉਨਾਂ ਦੱਸਿਆ ਕਿ ਇਹ ਕੈਂਪ ਵਿਦਿਆਰਥੀਆਂ ਲਈ ਆਨੰਦਮਈ, ਜਾਣਕਾਰੀ ਭਰਪੂਰ ਅਤੇ ਯਾਦਗਾਰੀ ਹੋ ਨਿਬੜਿਆ। ਪ੍ਰਿੰਸੀਪਲ ਸੰਦੀਪ ਕੌਰ ਨੇ ਸਿੱਖਿਆ ਵਿਭਾਗ ਤੇ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ।