ਆਈਈਟੀ ਭੱਦਲ ਦੇ ਵਿਦਿਆਰਥੀਆਂ ਨੇ ਲਈ ਡਰੋਨ ਤਕਨਾਲੋਜੀ ਬਾਰੇ ਜਾਣਕਾਰੀ ਆਈਈਟੀ ਭੱਦਲ ਦੇ ਵਿਦਿਆਰਥੀਆਂ ਨੇ ਆਈਆਈਟੀ ਰੂਪਨਗਰ ਵਿਖੇ ਡਰੋਨ ਤਕਨਾਲੋਜੀ ਬਾਰੇ ਜਾਣਕਾਰੀ ਲਈ
Publish Date: Mon, 12 Oct 2026 05:31 PM (IST)
Updated Date: Mon, 12 Oct 2026 05:32 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਆਈਈਟੀ ਭੱਦਲ ਟੈਕਨੀਕਲ ਕੈਂਪਸ, ਰੋਪੜ੍ਹ ਦੇ ਬੀਟੈਕ. ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ (ਏ.ਆਈ.ਐਮ.ਐਲ.) ਦੇ ਪਹਿਲੇ ਸਾਲ ਦੇ 39 ਵਿਦਿਆਰਥੀਆਂ ਵੱਲੋਂ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.), ਰੋਪੜ ਵਿਖੇ ਸਥਿਤ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਫਾਊਂਡੇਸ਼ਨ (ਟੀ.ਬੀ.ਆਈ.ਐੱਫ.) ਦਾ ਵਿੱਦਿਅਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਟਾਰਟਅੱਪ ਈਕੋਸਿਸਟਮ, ਉੱਦਮਤਾ, ਨਵੀਨਤਾਕਾਰੀ ਵਿਚਾਰਾਂ ਅਤੇ ਆਧੁਨਿਕ ਤਕਨਾਲੋਜੀ ਦੇ ਖੇਤਰ ’ਚ ਉਪਲੱਬਧ ਮੌਕਿਆਂ ਬਾਰੇ ਜਾਣੂ ਕਰਵਾਉਣਾ ਸੀ। ਡਾ. ਐਸਐਸ.ਬਿੰਦਰਾ, ਡਾਇਰੈਕਟਰ ਕੈਂਪਸ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿੱਦਿਅਕ ਦੌਰੇ ਨੇ ਵਿਦਿਆਰਥੀਆਂ ਨੂੰ ਆਈ.ਆਈ.ਟੀ. ਰੋਪੜ ਦੇ ਸਟਾਰਟਅੱਪ ਅਤੇ ਨਵੀਨਤਾ ਦੇ ਮਾਹੌਲ ਬਾਰੇ ਜਾਣਨ ਦੇ ਨਾਲ-ਨਾਲ ਭਵਿੱਖ ’ਚ ਤਕਨੀਕੀ ਖੇਤਰ ’ਚ ਨਵੇਂ ਵਿਚਾਰਾਂ ਨੂੰ ਵਿਕਸਿਤ ਕਰਨ ਅਤੇ ਉੱਦਮੀ ਬਣਨ ਲਈ ਪ੍ਰੇਰਿਤ ਕੀਤਾ। ਅਜਿਹੇ ਦੌਰੇ ਵਿਦਿਆਰਥੀਆਂ ਦੇ ਤਕਨੀਕੀ ਗਿਆਨ, ਰਚਨਾਤਮਕ ਸੋਚ ਅਤੇ ਉਦਯੋਗਿਕ ਸਮਝ ਨੂੰ ਮਜ਼ਬੂਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰੈਕਟਰ (ਅਕਾਦਮਿਕ) ਨੇ ਕਿਹਾ ਕਿ ਸੰਸਥਾ ਵੱਲੋਂ ਅਜਿਹੀਆਂ ਵਿੱਦਿਅਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਜੋ ਵਿਦਿਆਰਥੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਉਦਯੋਗਿਕ ਜ਼ਰੂਰਤਾਂ, ਨਵੀਨਤਾ ਅਤੇ ਉੱਦਮਤਾ ਦੇ ਖੇਤਰ ਵਿਚ ਵੀ ਆਪਣੇ ਆਪ ਨੂੰ ਭਵਿੱਖ ਲਈ ਤਿਆਰ ਕਰ ਸਕਣ। ਇਸ ਵਿੱਦਿਅਕ ਦੌਰੇ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਡਾ. ਤਰਨਜੀਤ ਕੌਰ, ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਨੇ ਕਿਹਾ ਕਿ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਉੱਦਮਤਾ ਅਤੇ ਨਵਾਂ ਕਾਰੋਬਾਰ ਸ਼ੁਰੂ ਕਰਨ ਸਬੰਧੀ ਇੱਕ ਜਾਣਕਾਰੀ ਭਰਪੂਰ ਸੈਮੀਨਾਰ ’ਚ ਭਾਗ ਲਿਆ ਅਤੇ ਸਟਾਰਟਅੱਪ ਲਈ ਫੰਡ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੇ ਏਅਰੋਸਪੇਸ ਇੰਜੀਨੀਅਰਿੰਗ ਅਤੇ ਡਰੋਨ ਤਕਨਾਲੋਜੀ ਨਾਲ ਸਬੰਧਤ ਵਿਹਾਰਕ ਅਤੇ ਜਾਣਕਾਰੀ ਭਰਪੂਰ ਸੈਸ਼ਨ ਵਿਚ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਡਰੋਨਾਂ ਦੀ ਕਾਰਜ-ਪ੍ਰਣਾਲੀ, ਉਨ੍ਹਾਂ ਦੇ ਤਕਨੀਕੀ ਪੱਖਾਂ ਅਤੇ ਭਵਿੱਖ ’ਚ ਇਸ ਤਕਨਾਲੋਜੀ ਦੀਆਂ ਸੰਭਾਵਨਾਵਾਂ ਬਾਰੇ ਜਾਣਨ ਦਾ ਮੌਕਾ ਮਿਲਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਜਤਿੰਦਰ ਕੁਮਾਰ, ਯੋਗੀਤਾ ਸ਼ਰਮਾਂ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।