ਅੰਤਰ-ਸਕੂਲ ਯੁਵਕ ਮੇਲੇ ’ਚ ਹਿਮਾਲਿਆ ਸਕੂਲ ਮੁਜ਼ਾਫ਼ਤ ਨੇ ਮਾਰੀਆਂ ਮੱਲਾਂ ਅੰਤਰ-ਸਕੂਲ ਯੁਵਕ ਮੇਲੇ ਵਿਚ ਹਿਮਾਲਿਆ ਸਕੂਲ ਮੁਜ਼ਾਫ਼ਤ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Publish Date: Tue, 03 Nov 2026 03:49 PM (IST)
Updated Date: Tue, 03 Nov 2026 03:50 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ ਬਹਿਰਾਮਪੁਰ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਗਏ ਅੰਤਰ-ਸਕੂਲ ਯੁਵਕ ਮੇਲੇ ’ਚ ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮੁਜ਼ਾਫ਼ਤ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੇਲੇ ’ਚ ਸਕੂਲ ਦੇ ਕੁੱਲ 13 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਵੱਖ-ਵੱਖ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਟਰਾਫ਼ੀਆਂ ਤੇ ਸਰਟੀਫਿਕੇਟ ਹਾਸਲ ਕੀਤੇ। ਖ਼ਾਸ ਗੱਲ ਇਹ ਰਹੀ ਕਿ ਮੇਲੇ ਦੌਰਾਨ ਕਰਵਾਏ ਗਏ ਮੁਕਾਬਲਿਆਂ ’ਚ ਸਭ ਤੋਂ ਵੱਧ ਇਨਾਮ ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ, ਜੋ ਸਮੁੱਚੇ ਸਕੂਲ ਲਈ ਬੇਹੱਦ ਮਾਣ ਤੇ ਖ਼ੁਸ਼ੀ ਦਾ ਵਿਸ਼ਾ ਹੈ। ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ’ਚ ਗੁਰਬਾਣੀ ਸ਼ੁੱਧ ਉਚਾਰਣ ਮੁਕਾਬਲੇ ’ਚ ਗੁਰਲੀਨ ਕੌਰ, ਤੀਜਾ ਵਰਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ’ਚ ਆਕ੍ਰਿਤੀ ਗਰਗ, ਤੀਜਾ ਵਰਗ ਤੇ ਸਿਮਰਨਜੀਤ ਕੌਰ, ਚੌਥਾ ਵਰਗ ਨੇ ਦੂਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਨ ਮੁਕਾਬਲੇ ’ਚ ਗੁਰਸ਼ਰਨ ਕੌਰ, ਤੀਜਾ ਵਰਗ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਸਤਾਰ ਮੁਕਾਬਲੇ ’ਚ ਦਮਨਦੀਪ ਸਿੰਘ, ਤੀਜਾ ਵਰਗ ਨੇ ਦੂਜਾ ਤੇ ਅਮਰਜੀਤ ਸਿੰਘ, ਚੌਥਾ ਵਰਗ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦੀ ਝੋਲੀ ’ਚ ਮਾਣਮੱਤੀਆਂ ਪ੍ਰਾਪਤੀਆਂ ਪਾਈਆਂ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫ਼ਲਤਾ ’ਤੇ ਸਕੂਲ ਦੇ ਪ੍ਰਿੰਸੀਪਲ ਸਾਹਿਬ, ਸਮੂਹ ਅਧਿਆਪਕਾਂ ਤੇ ਮਾਪਿਆਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ, ਲਗਨ ਤੇ ਅਧਿਆਪਕਾਂ ਦੇ ਯੋਗ ਮਾਰਗਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ, ਸਿਰਜਣਾਤਮਕਤਾ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਕੂਲ ਪ੍ਰਬੰਧਕਾਂ ਨੇ ਭਵਿੱਖ ’ਚ ਵੀ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ’ਚ ਵੱਧ-ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕਰਨ ਦਾ ਸੰਕਲਪ ਪ੍ਰਗਟਾਇਆ।