ਭੱਦਲ ਦੇ ਵਿਦਿਆਰਥੀਆਂ ਵੱਲੋਂ ਆਲਰਾਈਟ ਫਾਰਮਾਸਿਊਟੀਕਲਜ਼, ਬੱਦੀ ਦਾ ਉਦਯੋਗਿਕ ਦੌਰਾ ਭੱਦਲ ਦੇ ਵਿਦਿਆਰਥੀਆਂ ਵੱਲੋਂ ਆਲਰਾਈਟ ਫਾਰਮਾਸਿਊਟੀਕਲਜ਼, ਬੱਦੀ ਦਾ ਉਦਯੋਗਿਕ ਦੌਰਾ ਕੀਤਾ
Publish Date: Sun, 25 Oct 2026 03:21 PM (IST)
Updated Date: Sun, 25 Oct 2026 03:22 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼, ਭੱਦਲ ਵੱਲੋਂ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਦਵਾਈਆਂ ਦੇ ਨਿਰਮਾਣ ਨਾਲ ਸਬੰਧਤ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਉਦਯੋਗਿਕ ਸਮਝ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਆਲਰਾਈਟ ਫਾਰਮਾਸਿਊਟੀਕਲਜ਼, ਬੱਦੀ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਮੌਕੇ ਡਾ. ਐੱਸਐੱਸ. ਬਿੰਦਰਾ, ਡਾਇਰੈਕਟਰ ਕੈਂਪਸ ਨੇ ਕਿਹਾ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਵਿਹਾਰਕ ਗਿਆਨ, ਤਕਨੀਕੀ ਹੁਨਰ ਅਤੇ ਪੇਸ਼ੇਵਰ ਯੋਗਤਾ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਦਯੋਗਿਕ ਦੌਰੇ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਅਸਲ ਕਾਰਜ ਪ੍ਰਣਾਲੀਆਂ ਨਾਲ ਜਾਣੂੰ ਕਰਵਾਉਣ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਪੇਸ਼ੇਵਰ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰੈਕਟਰ (ਅਕਾਦਮਿਕ) ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿੱਖਿਆ ਦੇ ਨਾਲ-ਨਾਲ ਉਦਯੋਗਿਕ ਤਜ਼ਰਬਾ ਹਾਸਲ ਕਰਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਦੌਰਿਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਨਾਲ ਸਬੰਧਤ ਗਿਆਨ ਨੂੰ ਅਮਲੀ ਰੂਪ ਵਿਚ ਸਮਝਣ, ਨਵੀਆਂ ਤਕਨੀਕਾਂ ਬਾਰੇ ਜਾਣਨ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਆਪਣੇ ਹੁਨਰ ਵਿਕਸਿਤ ਕਰਨ ਦਾ ਮੌਕਾ ਮਿਲਦਾ ਹੈ। ਇਸ ਉਦਯੋਗਿਕ ਦੌਰੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੇ ਪ੍ਰਿੰਸੀਪਲ, ਡਾ. ਨਦੀਮ ਖਾਨ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਉਦੇਸ਼ ਕਲਾਸਰੂਮ ਵਿਚ ਪ੍ਰਾਪਤ ਸਿਧਾਂਤਕ ਗਿਆਨ ਅਤੇ ਉਦਯੋਗਿਕ ਖੇਤਰ ਵਿਚ ਉਸ ਦੀ ਵਿਹਾਰਕ ਵਰਤੋਂ ਵਿਚਕਾਰਲੇ ਪਾੜੇ ਨੂੰ ਘਟਾਉਣਾ ਸੀ, ਤਾਂ ਜੋ ਵਿਦਿਆਰਥੀ ਦਵਾਈਆਂ ਦੇ ਨਿਰਮਾਣ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਨੂੰ ਨੇੜਿਓਂ ਸਮਝ ਸਕਣ। ਦੌਰੇ ਦੌਰਾਨ ਵਿਦਿਆਰਥੀਆਂ ਨੇ ਦਵਾਈਆਂ ਦੇ ਉਤਪਾਦਨ, ਗੁਣਵੱਤਾ ਨਿਯੰਤਰਣ, ਗੁਣਵੱਤਾ ਭਰੋਸਾ ਅਤੇ ਪੈਕਿੰਗ ਵਰਗੀਆਂ ਮਹੱਤਵਪੂਰਨ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਗੁਣਵੱਤਾ ਦੇ ਮਾਪਦੰਡਾਂ, ਸੁਰੱਖਿਆ ਨਿਯਮਾਂ ਅਤੇ ਸੰਬੰਧਿਤ ਰੈਗੂਲੇਟਰੀ ਹਦਾਇਤਾਂ ਦੀ ਪਾਲਣਾ ਦੀ ਮਹੱਤਤਾ ਬਾਰੇ ਵੀ ਜਾਣੂੰ ਕਰਵਾਇਆ ਗਿਆ। ਉਦਯੋਗ ਦੇ ਮਾਹਿਰਾਂ ਨਾਲ ਹੋਈ ਗੱਲਬਾਤ ਰਾਹੀਂ ਵਿਦਿਆਰਥੀਆਂ ਨੂੰ ਫਾਰਮਾਸਿਊਟੀਕਲ ਉਦਯੋਗ ਦੇ ਕੰਮਕਾਜ, ਪੇਸ਼ੇਵਰ ਵਾਤਾਵਰਣ ਅਤੇ ਫਾਰਮੇਸੀ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਉਪਲਬਧ ਰੁਜ਼ਗਾਰ ਅਤੇ ਕਰੀਅਰ ਦੇ ਮੌਕਿਆਂ ਬਾਰੇ ਵੀ ਕੀਮਤੀ ਜਾਣਕਾਰੀ ਮਿਲੀ। ਇਹ ਦੌਰਾ ਵਿਦਿਆਰਥੀਆਂ ਲਈ ਇੱਕ ਲਾਹੇਵੰਦ ਸਿੱਖਣ ਦਾ ਤਜ਼ਰਬਾ ਸਾਬਤ ਹੋਇਆ, ਜਿਸ ਨਾਲ ਉਨ੍ਹਾਂ ਦੀ ਉਦਯੋਗਿਕ ਜਾਣਕਾਰੀ ਅਤੇ ਪੇਸ਼ੇਵਰ ਸਮਝ ਵਿਚ ਵਾਧਾ ਹੋਇਆ। ਸੰਸਥਾ ਵੱਲੋਂ ਇਸ ਉਦਯੋਗਿਕ ਦੌਰੇ ਦੇ ਸਫਲ ਆਯੋਜਨ ਅਤੇ ਵਿਦਿਆਰਥੀਆਂ ਨੂੰ ਕੀਮਤੀ ਉਦਯੋਗਿਕ ਤਜ਼ਰਬਾ ਪ੍ਰਦਾਨ ਕਰਨ ਲਈ ਆਲਰਾਈਟ ਫਾਰਮਾਸਿਊਟੀਕਲਜ਼, ਬੱਦੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਭਿਨਵ ਸੈਣੀ, ਸੋਨੀਕਾ ਰਤਨ ਅਤੇ ਸ਼ਰਦ ਆਦਿ ਹਾਜ਼ਰ ਸਨ।