ਬਲਾਕ ਪੱਧਰੀ ਖੇਡਾਂ ’ਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਬਲਾਕ ਪੱਧਰੀ ਖੇਡਾਂ ਵਿੱਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Publish Date: Sun, 25 Oct 2026 04:12 PM (IST)
Updated Date: Sun, 25 Oct 2026 04:16 PM (IST)
ਸੁਖਵਿੰਦਰ ਸੁੱਖੂ ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸਰਕਾਰੀ ਪ੍ਰਾਇਮਰੀ ਸਕੂਲ ਜਾਂਦਲਾ, ਬਲਾਕ ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਵਨ ਕੁਮਾਰ ਨੇ 400 ਮੀਟਰ ਦੌੜ ’ਚ ਪਹਿਲਾ ਸਥਾਨ, ਗੁਰਜੀਤ ਕੌਰ ਨੇ 600 ਮੀਟਰ ਦੌੜ ’ਚ ਸਥਾਨ ਹਾਸਲ ਕੀਤਾ ਅਤੇ ਜਸ਼ਨਦੀਪ ਸਿੰਘ ਨੇ ਰੱਸਾਕਸੀ ’ਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਸੈਂਟਰ ਭਨੂਪਲੀ ਦੀ ਖੋ-ਖੋ ਟੀਮ ਨੇ ਪਹਿਲਾ ਸਥਾਨ ਅਤੇ ਰੱਸਾਕਸੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸੈਂਟਰ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਜਾਂਦਲਾ ਦੀ ਮੁੱਖ ਅਧਿਆਪਕਾ ਨੀਲਮ ਪਾਮਾ, ਅਧਿਆਪਕਾ ਪ੍ਰਿਯੰਕਾ, ਅਧਿਆਪਕਾ ਕਾਂਤਾ ਅਤੇ ਸਕੂਲ ਦੇ ਸਹਿਯੋਗੀ ਕੁਲਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਇਸ ਤੋਂ ਇਲਾਵਾ ਅਧਿਆਪਕ ਸੰਦੀਪ ਕੁਮਾਰ ਜੋਸ਼ੀ , ਜਤਿੰਦਰ ਸਿੰਘ , ਰਾਹੁਲ , ਦੇਸਰਾਜ , ਬੇਅੰਤ ਕੌਰ , ਅਜੈ ਕੁਮਾਰ , ਸੁਭਾਸ਼ ਕੁਮਾਰ , ਗੁਰਪ੍ਰੀਤ ਸਿੰਘ ਬਾਜਵਾ ਤੇ ਅਵਤਾਰ ਸਿੰਘ ਭੱਠਲ ਨੇ ਵੀ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ। ਬੀ.ਪੀ.ਈ.ਓ. ਮਨਜੀਤ ਸਿੰਘ ਮਾਵੀ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਭਵਿੱਖ ’ਚ ਵੀ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਅੰਤ ’ਚ ਸਮੂਹ ਅਧਿਆਪਕਾਂ ਅਤੇ ਮਾਪਿਆਂ ਦਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਇਸ ਸਫ਼ਲਤਾ ’ਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਗਿਆ।