ਵਿਦਿਆਰਥਣ ਪਵਨੀਤ ਕੌਰ ਨੇ ਨੈਸ਼ਨਲ ਪੱਧਰ ’ਤੇ ਜਿੱਤਿਆ ਸੋਨ ਤਮਗਾ ਵਿਦਿਆਰਥਣ ਪਵਨੀਤ ਕੌਰ ਨੇ ਨੈਸ਼ਨਲ ਪੱਧਰ 'ਤੇ ਜਿੱਤਿਆ ਸੋਨ ਤਮਗਾ, ਇਲਾਕੇ ਦਾ ਨਾਂ ਕੀਤਾ ਰੌਸ਼ਨ
Publish Date: Wed, 04 Nov 2026 03:19 PM (IST)
Updated Date: Wed, 04 Nov 2026 03:20 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ : ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਕਮਾਲਪੁਰ ਦੀ ਹੋਣਹਾਰ ਵਿਦਿਆਰਥਣ ਨੇ ਖੇਡ ਜਗਤ ’ਚ ਵੱਡੀ ਮੱਲ ਮਾਰਦਿਆਂ ਨੈਸ਼ਨਲ ਪੱਧਰ ’ਤੇ ਸੋਨ ਤਮਗਾ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਵਿਦਿਆਰਥਣ ਨੇ ਅਕੈਡਮੀ ਦੇ ਨਾਲ-ਨਾਲ ਸਮੁੱਚੇ ਖੇਤਰ ਅਤੇ ਆਪਣੇ ਮਾਪਿਆਂ ਦਾ ਨਾਮ ਦੇਸ਼ ਭਰ ’ਚ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ, ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਨਵੀਂ ਦਿੱਲੀ ਦੇ ਤਿਆਗਰਾਜ ਸਪੋਰਟਸ ਕੰਪਲੈਕਸ ਵਿਖੇ ਕਰਵਾਈਆਂ ਗਈਆਂ ਤੇ ਅਕਾਲ ਅਕੈਡਮੀ ਕਮਾਲਪੁਰ ਦੀ ਵਿਦਿਆਰਥਣ ਪਵਨੀਤ ਕੌਰ ਨੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਪਵਨੀਤ ਕੌਰ ਨੇ ਅੰਡਰ-19 ਲੜਕੀਆਂ ਦੇ ਸਿੰਗਲ ਸਟਿਕ ਟੀਮ ਈਵੈਂਟ ’ਚ ਵਿਰੋਧੀ ਟੀਮਾਂ ਨੂੰ ਕਰੜੀ ਟੱਕਰ ਦਿੰਦਿਆਂ ਆਪਣੀ ਬਿਹਤਰੀਨ ਖੇਡ ਤਕਨੀਕ ਅਤੇ ਜੌਹਰ ਦਿਖਾ ਕੇ ਸੋਨ ਤਮਗਾ ਆਪਣੇ ਨਾਮ ਕੀਤਾ। ਨਵੀਂ ਦਿੱਲੀ ਵਿਖੇ ਜਿੱਤ ਦਰਜ ਕਰਨ ਉਪਰੰਤ ਅਕੈਡਮੀ ਪਹੁੰਚਣ ’ਤੇ ਖਿਡਾਰਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮਾਣਮੱਤੀ ਪ੍ਰਾਪਤੀ ’ਤੇ ਅਕੈਡਮੀ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕਰਕੇ ਪਵਨੀਤ ਕੌਰ, ਉਸ ਦੇ ਮਾਪਿਆਂ ਤੇ ਖੇਡ ਕੋਚ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਕਾਲ ਅਕੈਡਮੀਆਂ ’ਚ ਵਿਦਿਆਰਥੀਆਂ ਨੂੰ ਉੱਚ ਮਿਆਰੀ ਵਿੱਦਿਆ ਤੇ ਨੈਤਿਕ ਕਦਰਾਂ-ਕੀਮਤਾਂ ਦੇ ਨਾਲ-ਨਾਲ ਖੇਡਾਂ ਅਤੇ ਮਾਰਸ਼ਲ ਆਰਟਸ ’ਚ ਵੀ ਮੋਹਰੀ ਬਣਾਉਣ ਲਈ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਪਵਨੀਤ ਕੌਰ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਤੇ ਦੂਜੇ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਅਧਿਆਪਕ, ਵਿਦਿਆਰਥੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਹੋਣਹਾਰ ਧੀ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।