ਵਿਦਿਆਰਥੀਆਂ ਨਾਲ ਰੂ-ਬ-ਰੂ ਹੋਏ ਜ਼ਿਲਾ ਪੁਲਸ ਮੁਖੀ ਮਨਿੰਦਰ ਸਿੰਘ ਸਾਸਾ ਇੰਡੀਆ ਵਿਖੇ ਜ਼ਿਲਾ ਪੁਲਿਸ ਮੁੱਖੀ ਨਾਲ ਵਿਦਿਆਰਥੀ ਮਿਲਣੀ ਆਯੋਜਿਤ
Publish Date: Wed, 14 Oct 2026 03:35 PM (IST)
Updated Date: Wed, 14 Oct 2026 03:36 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸੀਨੀਅਰ ਪੁਲਿਸ ਕਪਤਾਨ ਰੂਪਨਗਰ ਮਨਿੰਦਰ ਸਿੰਘ ਵੱਲੋਂ ਸਾਸਾ ਵਿਖੇ ਵਿਦਿਆਰਥੀ ਮਿਲਣੀ ਆਯੋਜਿਤ ਕੀਤੀ ਗਈ। ਮਨਿੰਦਰ ਸਿੰਘ ਭਾਰਤ ਦੇ 25 ਚੋਟੀ ਦੇ ਆਈਪੀਐੱਸ. ਅਫਸਰਾਂ ’ਚੋਂ ਇੱਕ ਹਨ। 500 ਸੀਨੀਅਰ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦੇ ਹੋਏ ਜਿੱਥੇ ਪੁਲਿਸ ਮੁੱਖੀ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਉਦਾਹਰਣਾਂ ਦੇ ਕੇ ਵਿਦਿਆਰਥੀਆਂ ਨੂੰ ਇਸ ਉਮਰ ’ਚ ਧਿਆਨ ਭਟਕਾਉਣ ਵਾਲੇ ਮੁੱਦਿਆ ਤੋਂ ਆਪਣਾ ਬਚਾਓ ਕਰਨ ਲਈ ਪ੍ਰੇਰਿਆ ਉੱਥੇ ਹੀ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਯੋਗ ਸਤਿਕਾਰ ਦੇਣ ਲਈ ਵੀ ਕਿਹਾ। ਵਿਦਿਆਰਥੀਆਂ ਨੇ ਪੁਲਿਸ ਅਫਸਰ ਬਣਨ ਲਈ ਲੋੜੀਂਦੀ ਜਾਣਕਾਰੀ ਹਾਸਿਲ ਕੀਤੀ ਜਿਸ ਤਹਿਤ ਉਨਾਂ ਦੱਸਿਆ ਕਿ ਕੁਝ ਬਣਨ ਦਾ ਮਨ ਸਕੂਲ ਸਮੇਂ ਹੀ ਬਣਾਉਂਣਾ ਹੁੰਦਾ ਹੈ। ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਮਿੱਤਰ ਬਣਾਉਣਾ ਹੁੰਦਾ ਹੈ। ਆਪਣੇ ਵਿਅਕਤੀਤਵ ਦਾ ਹਰ ਪਲ ਨਿਖਾਰ ਕਰਨਾ ਅਤੇ ਸਾਰੇ ਵਿਸ਼ਿਆਂ ਨੂੰ ਸਮਝ ਨਾਲ ਪੜਨਾ ਬਹੁਤ ਜ਼ਰੂਰੀ ਹੈ। ਸਾਸਾ ਵਿਦਿਆਰਥੀਆਂ ਨੇ ਉਨ੍ਹਾਂ ਤੋਂ ਰੱਜ ਕੇ ਸਵਾਲ ਪੁੱਛੇ। ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਜ਼ਿਲਾ ਪੁਲਿਸ ਮੁਖੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦਿਲਾਂ ’ਤੇ ਰਾਜ ਕਰਨ ਵਾਲੇ ਮਨਿੰਦਰ ਸਿੰਘ ਵਰਗੇ ਵਿਅਕਤੀ ਸਮਾਜ ’ਚ ਆਪਣੀ ਛਾਪ ਬਣਾ ਜਾਂਦੇ ਹਨ ਅਤੇ ਉਹ ਜਨ-ਸਧਾਰਨ ਲਈ ਰੋਲ-ਮਾਡਲ ਬਣ ਜਾਂਦੇ ਹਨ। ਇਸ ਮੌਕੇ ਅਕੈਡਮੀ ਦੇ ਸੀਨੀਅਰ ਵਿਦਿਆਰਥੀ, ਵਿਦਿਆਰਥੀ ਪ੍ਰਤੀਨਿਧ, ਅਧਿਆਪਕ, ਪ੍ਰਿੰਸੀਪਲ ਰਾਜਨ ਚੋਪੜਾ, ਫਾਊਂਡਰ ਵਾਈਸ ਪ੍ਰਿੰਸੀਪਲ ਅਤੇ ਸਕੂਲ ਰਿਸੋਰਸ ਅਫ਼ਸਰ ਸੁਦੇਸ਼ ਸੁਜਾਤੀ, ਮੌਜੂਦਾ ਵਾਈਸ ਪ੍ਰਿੰਸੀਪਲ ਵੰਦਨਾ ਵਿਜ, ਸਕੂਲ ਸੁਪਰਡੈਂਟ ਦੀਪਕ ਕੁਮਾਰ ਰਾਣਾ, ਪ੍ਰਬੰਧਕ ਅਫਸਰ ਗੁਰੂਦਿਆਲ ਸਿੰਘ, ਸਕੂਲ ਇੰਸਪੈਕਟਰ-ਕਮ- ਮਨੋਵਿਗਿਆਨਿਕ ਸਲਾਹਕਾਰ ਨਵਜੋਤ ਕੌਰ ਅਤੇ ਸਕੂਲ ਕੁਆਰਡੀਨੇਟਰ ਸਤਿਆ ਵਰਧਨ ਵੀ ਹਾਜ਼ਰ ਸਨ।