ਦਿਲ ਦੇ ਦੌਰੇ ਦੇ 9 ਮਰੀਜ਼ਾਂ ਲਈ ਜੀਵਨਦਾਤਾ ਬਣਿਆ ਸਟੈਮੀ ਪ੍ਰਾਜੈਕਟ ਦਿਲ ਦੇ ਦੌਰੇ ਦੇ 9 ਮਰੀਜ਼ਾਂ ਲਈ ਜੀਵਨਦਾਤਾ ਬਣਿਆ ਸਟੈਮੀ ਪ੍ਰਾਜੈਕਟ
Publish Date: Wed, 16 Sep 2026 03:55 PM (IST)
Updated Date: Wed, 16 Sep 2026 03:56 PM (IST)
ਜ਼ਿਲ੍ਹਾ ਹਸਪਤਾਲ ਵਿਖੇ ਦਿਲ ਦੇ ਦੌਰੇ ਦੀ ਗੰਭੀਰ ਸਥਿਤੀ ਚ ਮਰੀਜ਼ਾਂ ਨੂੰ ਮਿਲ ਰਿਹਾ ਮੁਫ਼ਤ ਤੇ ਤੁਰੰਤ ਇਲਾਜ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਸਮੇਂ ਸਿਰ ਤੇ ਮੁਫ਼ਤ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਹਸਪਤਾਲ ਰੂਪਨਗਰ ’ਚ ਚਲਾਇਆ ਜਾ ਰਿਹਾ ਸਟੈਮੀ ਪ੍ਰਾਜੈਕਟ ਦਿਲ ਦੇ ਦੌਰੇ ਤੋਂ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਇਸ ਸਾਲ ਹੁਣ ਤੱਕ ਦਿਲ ਦੇ ਦੌਰੇ ਤੋਂ ਪੀੜਤ 9 ਮਰੀਜ਼ਾਂ ਦੀ ਜਾਨ ਬਚਾਈ ਜਾ ਚੁੱਕੀ ਹੈ। ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਸਟੈਮੀ ਪ੍ਰਾਜੈਕਟ ਤਹਿਤ ਦਿਲ ਦੇ ਦੌਰੇ ਦੀ ਗੰਭੀਰ ਸਥਿਤੀ ’ਚ ਜ਼ਿਲ੍ਹਾ ਹਸਪਤਾਲ ਰੂਪਨਗਰ ’ਚ ਮਰੀਜ਼ਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਤੇ ਲੋੜ ਅਨੁਸਾਰ ਇਲਾਜ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਮਰੀਜ਼ ਦੀ ਮੁੱਢਲੀ ਜਾਂਚ ਕਰਕੇ ਦਿਲ ਦੇ ਦੌਰੇ ਦੀ ਸਥਿਤੀ ਦੀ ਪੁਸ਼ਟੀ ਹੋਣ ਉਪਰੰਤ ਲੋੜ ਅਨੁਸਾਰ ਵਿਸ਼ੇਸ਼ ਟੀਕਾ ਲਗਾਇਆ ਜਾਂਦਾ ਹੈ, ਜੋ ਦਿਲ ਦੀਆਂ ਨਾੜੀਆਂ ’ਚ ਬਣੇ ਖ਼ੂਨ ਦੇ ਥੱਕੇ ਨੂੰ ਘੋਲਣ ਵਿਚ ਸਹਾਇਤਾ ਕਰਦਾ ਹੈ। ਇਸ ਮਹਿੰਗੇ ਟੀਕੇ ਦੀ ਕੀਮਤ ਆਮ ਤੌਰ ’ਤੇ ਲਗਭਗ 25 ਹਜ਼ਾਰ ਤੋਂ 35 ਹਜ਼ਾਰ ਰੁਪਏ ਤੱਕ ਹੁੰਦੀ ਹੈ, ਪਰ ਪੰਜਾਬ ਸਰਕਾਰ ਵੱਲੋਂ ਇਹ ਸਹੂਲਤ ਮਰੀਜ਼ਾਂ ਨੂੰ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿਲ ਦਾ ਦੌਰਾ ਪੈਣ ਦੀ ਸਥਿਤੀ ਵਿਚ ਹਰ ਪਲ ਬੇਹੱਦ ਕੀਮਤੀ ਹੁੰਦਾ ਹੈ। ਸਟੈਮੀ ਪ੍ਰਾਜੈਕਟ ਤਹਿਤ ਜ਼ਿਲ੍ਹਾ ਹਸਪਤਾਲ ’ਚ ਹੀ ਮਰੀਜ਼ ਨੂੰ ਤੁਰੰਤ ਲੋੜੀਂਦੀ ਡਾਕਟਰੀ ਸਹਾਇਤਾ ਮਿਲਣ ਨਾਲ ਉਸ ਦੀ ਹਾਲਤ ਨੂੰ ਸਥਿਰ ਕਰਨ ਵਿਚ ਮਦਦ ਮਿਲਦੀ ਹੈ ਅਤੇ ਇਸ ਤੋਂ ਬਾਅਦ ਉਸ ਨੂੰ ਅਜਿਹੀ ਨੇੜਲੀ ਸਿਹਤ ਸੰਸਥਾ ਵਿਖੇ ਭੇਜਿਆ ਜਾਂਦਾ ਹੈ, ਜਿੱਥੇ ਦਿਲ ਦੀਆਂ ਨਾੜੀਆਂ ਦੀ ਵਿਸ਼ੇਸ਼ ਜਾਂਚ ਤੇ ਲੋੜ ਪੈਣ ’ਤੇ ਸਟੰਟ ਪਾਉਣ ਦੀ ਸਹੂਲਤ ਉਪਲਬਧ ਹੋਵੇ। ਉਨ੍ਹਾਂ ਨੇ ਜ਼ਿਲ੍ਹਾ ਹਸਪਤਾਲ ਰੂਪਨਗਰ ’ਚ ਮੈਡੀਕਲ ਮਾਹਰ ਡਾ. ਪੁਨੀਤ ਸੈਣੀ ਤੇ ਸਮੁੱਚੀ ਸਿਹਤ ਟੀਮ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਰੀਜ਼ਾਂ ਨੂੰ ਸਮੇਂ ਸਿਰ ਮਾਹਿਰ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ ਤੇ ਸਟੈਮੀ ਪ੍ਰਾਜੈਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜਕੱਲ੍ਹ ਬਦਲ ਰਹੀ ਜੀਵਨਸ਼ੈਲੀ, ਅਸੰਤੁਲਿਤ ਖਾਣ-ਪੀਣ, ਬਹੁਤ ਜ਼ਿਆਦਾ ਮਾਨਸਿਕ ਤਣਾਅ ਤੇ ਸਰੀਰਕ ਕਸਰਤ ਦੀ ਘਾਟ ਕਾਰਨ ਦਿਲ ਦੀਆਂ ਨਾੜੀਆਂ ’ਚ ਰੁਕਾਵਟ ਪੈਣ ਅਤੇ ਦਿਲ ਦੇ ਦੌਰੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਟੈਮੀ ਪ੍ਰਾਜੈਕਟ ਤਹਿਤ ਦਿਲ ਦੇ ਦੌਰੇ ਤੋਂ ਪੀੜਤ ਮਰੀਜ਼ਾਂ ਨੂੰ ਸਮੇਂ ਸਿਰ ਮੁੱਢਲਾ ਇਲਾਜ ਮੁਹੱਈਆ ਕਰਵਾਉਣ ਦੀ ਸਹੂਲਤ ਉਪਲਬਧ ਹੋਣ ਕਾਰਨ ਮਰੀਜ਼ ਦੀ ਜਾਨ ਬਚਾਉਣ ਤੇ ਉਸ ਦੀ ਹਾਲਤ ਨੂੰ ਸਥਿਰ ਕਰਨ ’ਚ ਮਹੱਤਵਪੂਰਨ ਮਦਦ ਮਿਲ ਰਹੀ ਹੈ। ਡਾਂ ਸੈਣੀ ਨੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਤੁਲਿਤ ਤੇ ਪੌਸ਼ਟਿਕ ਖੁਰਾਕ ਲੈਣ ਦੇ ਨਾਲ-ਨਾਲ ਰੋਜ਼ਾਨਾ ਸਰੀਰਕ ਕਸਰਤ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਛਾਤੀ ’ਚ ਦਰਦ, ਭਾਰਾਪਣ, ਦਬਾਅ, ਸਾਹ ਲੈਣ ’ਚ ਤਕਲੀਫ਼ ਜਾਂ ਅਚਾਨਕ ਬੇਚੈਨੀ ਮਹਿਸੂਸ ਹੋਵੇ ਤਾਂ ਇਸ ਨੂੰ ਆਮ ਸਮੱਸਿਆ ਸਮਝ ਕੇ ਅਣਗੌਲਿਆ ਨਾ ਕੀਤਾ ਜਾਵੇ। ਅਜਿਹੇ ਲੱਛਣਾਂ ਦੀ ਸੂਰਤ ’ਚ ਤੁਰੰਤ ਨੇੜਲੀ ਸਿਹਤ ਸੰਸਥਾ ਵਿਖੇ ਪਹੁੰਚ ਕੇ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਦਿਲ ਦੇ ਦੌਰੇ ਦੇ ਮਾਮਲੇ ’ਚ ਸਮੇਂ ਸਿਰ ਮਿਲਿਆ ਇਲਾਜ ਕੀਮਤੀ ਜ਼ਿੰਦਗੀ ਬਚਾਉਣ ਵਿਚ ਨਿਰਣਾਇਕ ਭੂਮਿਕਾ ਨਿਭਾ ਸਕਦਾ ਹੈ। ਇਸ ਲਈ ਛਾਤੀ ’ਚ ਹੋਣ ਵਾਲੇ ਅਸਧਾਰਨ ਦਰਦ ਜਾਂ ਹੋਰ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।